ਇਜ਼ਰਾਇਲ ਦੇ ਪ੍ਰਧਾਨ ਮੰਤਰੀ 'ਤੇ ਮੁਕੱਦਮਾ ਚਲਾਉਣ ਦੀ ਸਿਫਾਰਸ਼

02/14/2018 2:38:03 PM

ਯੇਰੂਸ਼ਲਮ— ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਹੈ ਪਰ ਪੀ. ਐੱਮ. ਨੇ ਅਸਤੀਫਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਦਰਸਅਲ ਪੀ. ਐੱਮ. ਬੈਂਜਾਮਿਨ 'ਤੇ ਹਾਲੀਵੁੱਡ ਨਿਰਮਾਤਾ ਆਰਨਨ ਮਿਲਚਨ ਤੋਂ ਰਿਸ਼ਵਤ ਲੈਣ ਦਾ ਦੋਸ਼ ਹੈ। 
ਪੁਲਸ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਦੇ ਕੋਲ ਬੈਂਜਾਮਿਨ ਦੇ ਖਿਲਾਫ ਜ਼ਰੂਰੀ ਸਬੂਤ ਹਨ। ਉਨ੍ਹਾਂ 'ਤੇ ਰਿਸ਼ਵਤ ਲੈਣ, ਧੋਖਾਧੜੀ ਕਰਨ ਅਤੇ ਭਰੋਸਾ ਤੋੜਨ ਦੇ ਮਾਮਲਿਆਂ 'ਚ ਮੁਕੱਦਮਾ ਚਲਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਪੁਲਸ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਉਨ੍ਹਾਂ 'ਤੇ ਮੁਕੱਦਮਾ ਚੱਲੇਗਾ ਜਾਂ ਨਹੀਂ ,ਇਹ ਫੈਸਲਾ ਹੁਣ ਅਟਾਰਨੀ ਨੂੰ ਕਰਨਾ ਪਵੇਗਾ। 
ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਹਾਲੀਵੁੱਡ ਨਿਰਮਾਤਾ ਆਰਨਨ ਮਿਲਚਨ ਤੋਂ ਕਰੀਬ ਇਕ ਲੱਖ ਡਾਲਰ ਦੀ ਕੀਮਤ ਦੇ ਤੋਹਫੇ ਲਏ। ਇਨ੍ਹਾਂ ਤੋਹਫਿਆਂ 'ਚ ਮਹਿੰਗੀ ਸ਼ਰਾਬ ਅਤੇ ਸਿਗਾਰ (ਸਿਗਰਟ) ਸ਼ਾਮਲ ਸਨ ਜੋ ਪ੍ਰਧਾਨ ਮੰਤਰੀ ਨੂੰ ਮਿਲਚਨ ਵੱਲੋਂ ਅਮਰੀਕੀ ਵੀਜ਼ਾ ਲੈਣ 'ਚ ਮਦਦ ਦੇ ਬਦਲੇ ਦਿੱਤੀਆਂ ਗਈਆਂ ਸਨ। ਹਾਲਾਂਕਿ ਬੈਂਜਾਮਿਨ ਦੇ ਵਕੀਲ ਨੇ ਕਿਹਾ ਕਿ ਇਹ ਤੋਹਫੇ ਦੋਸਤੀ 'ਚ ਦਿੱਤੇ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਬੈਂਜਾਮਿਨ 'ਤੇ ਆਸਟਰੇਲੀਆਈ ਅਰਬਪਤੀ ਜੇਮਸ ਪੇਕਰ ਨਾਲ ਜੁੜੇ ਇਕ ਮਾਮਲੇ 'ਚ ਵੀ ਧੋਖਾਧੜੀ ਕਰਨ ਅਤੇ ਲੋਕਾਂ ਦਾ ਭਰੋਸਾ ਤੋੜਨ ਦਾ ਸ਼ੱਕ ਹੈ। ਇਜ਼ਰਾਇਲ ਦੇ ਸਰਕਾਰੀ ਟੀ.ਵੀ. 'ਤੇ ਬੈਂਜਾਮਿਨ ਨੇ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਉਹ ਆਪਣਾ ਚੌਥਾ ਕਾਰਜਕਾਲ ਪੂਰਾ ਕਰਨ ਨੂੰ ਲੈ ਕੇ ਸੰਤੁਸ਼ਟ ਹਨ। ਪੁਲਸ ਵੱਲੋਂ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਸ਼ ਨੂੰ ਮੰਗਲਵਾਰ ਰਾਤ ਨੂੰ ਜਨਤਕ ਕੀਤਾ ਗਿਆ ਹੈ।