ਇਜ਼ਰਾਇਲ : ਭਾਰਤੀ ਦੂਤਘਰ ਨੇ ਕੋਰੋਨਾ ਪਾਬੰਦੀਆਂ ਵਿਚਕਾਰ ਭਾਰਤੀਆਂ ਲਈ ਜ਼ਰੂਰੀ ਸਹਾਇਤਾ ਕੀਤੀ ਸ਼ੁਰੂ

08/04/2020 5:03:42 PM

ਇਜ਼ਰਾਇਲ- ਇਜ਼ਰਾਇਲ ਵਿਚ ਭਾਰਤੀ ਦੂਤਘਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਲੋਕਾਂ ਦੀ ਆਵਾਜਾਈ ਅਤੇ ਇਕੱਠੇ ਹੋਣ 'ਤੇ ਲੱਗੀਆਂ ਪਾਬੰਦੀਆਂ ਵਿਚਕਾਰ ਭਾਰਤੀ ਭਾਈਚਾਰੇ ਨੂੰ ਜ਼ਰੂਰੀ ਦੂਤਘਰ ਸੇਵਾਵਾਂ ਮੁਹੱਈਆ ਕਰਨ ਲਈ ਉਨ੍ਹਾਂ ਤਕ ਪਹੁੰਚਦੀ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। 


ਭਾਰਤੀ ਦੂਤਘਰ ਦੇ ਕਰਮਚਾਰੀ ਹਫਤੇ ਵਿਚ ਇਕ ਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰਦੇ ਹਨ, ਤਾਂ ਕਿ ਦੂਤਘਰ ਸਹਾਇਤਾ ਚਾਹੁਣ ਵਾਲੇ ਭਾਰਤੀਆਂ ਤੇ ਭਾਰਤੀ ਮੂਲ ਦੇ ਇਜ਼ਰਾਇਲੀਆਂ ਨੂੰ ਫੌਰੀ ਜ਼ਰੂਰਤ ਵਾਲੇ ਦਸਤਾਵੇਜ਼ਾਂ ਲਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਜ਼ਰਾਇਲ ਵਿਚ ਭਾਰਤ ਦੇ ਅੰਬੈਸਡਰ ਸੰਜੀਵ ਸਿੰਗਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਿਮਾਹੀ ਟੀਚਿਆਂ ਨੂੰ ਹਾਸਲ ਕਰਨ ਲਈ ਸਾਡੇ ਅੰਦਰੂਨੀ ਕਾਰਜ ਨੂੰ ਵਧਾਉਣ ਖਾਤਰ ਨਿਯਮਿਤ ਦੂਤਘਰ ਕੈਂਪ ਲਗਾਏ ਜਾ ਰਹੇ ਹਨ। ਸਾਨੂੰ ਲੱਗਦਾ ਹੈ ਕਿ ਦੂਤਘਰ ਸੇਵਾਵਾਂ ਉਨ੍ਹਾਂ ਲੋਕਾਂ ਦੇ ਕਰੀਬ ਅਤੇ ਪੂਰੇ ਇਜ਼ਰਾਇਲ ਵਿਚ ਪਹੁੰਚਾਉਣਾ ਬਿਹਤਰ ਹੋਵੇਗਾ, ਜਿਨ੍ਹਾਂ ਨੂੰ ਇਸ ਮੁਸ਼ਕਲ ਘੜੀ ਵਿਚ ਇਸ ਦੀ ਸਖਤ ਜ਼ਰੂਰਤ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਦੂਤਘਰ ਦੇ ਕਰਮਚਾਰੀਆਂ ਨੇ ਪਿਛਲੇ 2 ਹਫਤਿਆਂ ਵਿਚ ਯੇਰੂਸ਼ਲਮ ਅਤੇ ਬੀਰਸ਼ੇਬਾ ਦਾ ਦੌਰਾ ਕੀਤਾ ਹੈ। ਇਨ੍ਹਾਂ ਸੇਵਾਵਾਂ ਪ੍ਰਤੀ ਭਾਰਤੀ ਭਾਈਚਾਰੇ ਵਿਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈਆਂ ਨੇ ਇਸ ਵਿਅਕਤੀਗਤ ਸੰਪਰਕ ਦੀ ਸਿਫਤ ਕੀਤੀ ਹੈ ਜੋ ਇਕ ਮਜ਼ਬੂਤ ਸਬੰਧ ਮਹਿਸੂਸ ਕਰਾਉਂਦਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 74,430 ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਮਹਾਮਾਰੀ ਨਾਲ 546 ਲੋਕਾਂ ਦੀ ਮੌਤ ਹੋਈ ਹੈ। 

Lalita Mam

This news is Content Editor Lalita Mam