ਇਜ਼ਰਾਇਲੀ ਸ਼ਰਾਬ ਕੰਪਨੀ ਨੇ ਬੋਤਲ ''ਤੇ ਛਾਪੀ ''ਗਾਂਧੀ'' ਦੀ ਤਸਵੀਰ, ਮਚਿਆ ਹੰਗਾਮਾ

07/01/2019 11:07:29 AM

ਯੇਰੂਸ਼ਲਮ (ਬਿਊਰੋ)— ਵਿਦੇਸ਼ਾਂ ਵਿਚ ਅਕਸਰ ਭਾਰਤੀ ਦੇਵੀ-ਦੇਵਤਿਆਂ ਅਤੇ ਮਹਾਨ ਸ਼ਖਸੀਅਤਾਂ ਦਾ ਮਜ਼ਾਕ ਉਡਾਇਆ ਜਾਂਦਾ ਰਿਹਾ ਹੈ। ਜਿਵੇਂ ਕਿ ਉਨ੍ਹਾਂ ਦੀ ਤਸਵੀਰ ਸ਼ਰਾਬ ਦੀ ਬੋਤਲ ਜਾਂ ਅੰਡਰ ਗਾਰਮੈਂਟਸ 'ਤੇ ਛਾਪ ਦਿੱਤੀ ਜਾਂਦੀ ਹੈ। ਇਸ ਸਿਲਸਿਲੇ ਵਿਚ ਹੁਣ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨਾਲ ਸਬੰਧਤ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਵਿਵਾਦ ਪੈਦਾ ਹੋ ਗਿਆ ਹੈ।

ਅਸਲ ਵਿਚ ਇਜ਼ਰਾਈਲ ਦੀ ਇਕ ਸ਼ਰਾਬ ਕੰਪਨੀ 'ਮਾਕਾ ਬ੍ਰੇਵਰੀ' ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਅਪਮਾਨ ਕੀਤਾ ਹੈ। ਕੰਪਨੀ ਨੇ ਆਪਣੀਆਂ ਸ਼ਰਾਬ ਦੀਆਂ ਬੋਤਲਾਂ ਅਤੇ ਕੇਨਾਂ 'ਤੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਛਾਪ ਦਿੱਤੀ ਹੈ। ਇਸ ਨੂੰ ਲੈ ਕੇ ਹੁਣ ਭਾਰਤੀ ਭਾਈਚਾਰੇ ਵੱਲੋਂ ਸਖਤ ਇਤਰਾਜ਼ ਦਰਜ ਕਰਵਾਇਆ ਗਿਆ ਹੈ। ਖਬਰ ਸਾਹਮਣੇ ਆਉਣ ਦੇ ਬਾਅਦ ਕੇਰਲ ਦੇ ਮਹਾਤਮਾ ਗਾਂਧੀ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਏ.ਬੀ. ਜੇ. ਜੋਸ (Eby J Jos) ਨੇ ਇਸ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਅਤੇ ਨਾਲ ਹੀ ਮਹਾਤਮਾ ਗਾਂਧੀ ਜੀ ਦੀ ਤਸਵੀਰ ਹਟਾਉਣ ਦੀ ਮੰਗ ਕੀਤੀ। 

ਫਾਊਂਡੇਸ਼ਨ ਦੇ ਪ੍ਰਧਾਨ ਜੋਸ ਨੇ ਦੱਸਿਆ,''ਉਨ੍ਹਾਂ ਨੇ ਇਸ ਮਾਮਲੇ ਵਿਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਪੀ.ਐੱਮ. ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕਰਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।'' ਉਨ੍ਹਾਂ ਦੀ ਮੰਗ ਹੈ ਕਿ ਮਾਕਾ ਬ੍ਰੇਵਰੀ ਨੂੰ ਗਾਂਧੀ ਦੀ ਤਸਵੀਰ ਵਾਲੀਆਂ ਸ਼ਰਾਬ ਦੀਆਂ ਬੋਤਲਾਂ ਅਤੇ ਕੇਨਾਂ ਨੂੰ ਜਲਦੀ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਜਾਵੇ। ਜੋਸ ਨੇ ਦੱਸਿਆ ਕਿ ਇਸ ਡਿਜ਼ਾਈਨ ਨੂੰ ਅਮਿਤ ਸ਼ਿਮੋਨਾ ਨਾਮ ਦੇ ਸ਼ਖਸ ਨੇ ਬਣਾਇਆ ਹੈ। ਇਸ ਵਿਚ ਗਾਂਧੀ ਜੀ ਦਾ ਮਜ਼ਾਕ ਉਡਾਇਆ ਗਿਆ ਹੈ। 

ਅਮਿਤ ਨੇ ਆਪਣੀ ਵੈਬਸਾਈਟ 'hipstoryart.com' 'ਤੇ ਗਾਂਧੀ ਦੀ ਤਸਵੀਰ ਨੂੰ ਕੂਲਿੰਗ ਗਲਾਸ, ਟੀ-ਸ਼ਰਟ ਅਤੇ ਓਵਰਕੋਟ ਵਿਚ ਵੀ ਦਿਖਾਇਆ ਹੈ। ਜੋਸ ਨੇ ਕਿਹਾ,''ਜਿਸ ਵਿਅਕਤੀ ਨੇ ਆਪਣੀ ਸਾਰੀ ਉਮਰ ਸ਼ਰਾਬ ਦੀ ਵਰਤੋਂ ਵਿਰੁੱਧ ਪ੍ਰਚਾਰ ਕੀਤਾ ਉਸ ਦੀ ਤਸਵੀਰ ਸ਼ਰਾਬ ਦੀ ਬੋਤਲ 'ਤੇ ਪ੍ਰਕਾਸ਼ਿਤ ਕਰਨਾ ਸ਼ਰਮਨਾਕ ਹੈ।''

Vandana

This news is Content Editor Vandana