ਇਸਲਾਮੀ ਸਿੱਖਿਅਕ ਰਮਾਦਾਨ ਉੱਤੇ ਚੱਲੇਗਾ ਜਬਰ ਜਨਾਹ ਦਾ ਮੁਕੱਦਮਾ

02/03/2018 5:58:12 PM

ਪੈਰਿਸ (ਏਜੰਸੀ)- ਇਸਲਾਮੀ ਸਿੱਖਿਆ ਦੇ ਵਿਦਵਾਨ ਤਾਰਿਕ ਰਮਾਦਾਨ (55) ਉੱਤੇ ਲੱਗੇ ਜਬਰ ਜਨਾਹ ਦੇ ਦੋਸ਼ਾਂ ਦੀ ਸ਼ੁਰੂਆਤੀ ਜਾਂਚ ਵਿਚ ਪੁਸ਼ਟੀ ਮਗਰੋਂ ਮਾਮਲੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਿਸਟੀ ਵਿਚ ਪ੍ਰੋਫੈਸਰ ਰਮਾਦਾਨ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਉੱਤੇ ਸਾਲ 2009 ਅਤੇ 2012 ਵਿਚ ਦੋ ਔਰਤਾਂ ਨਾਲ ਜਬਰ ਜਨਾਹ ਦਾ ਦੋਸ਼ ਹੈ।
ਦੋਹਾਂ ਪੀੜਤਾਂ ਔਰਤਾਂ ਅਮਰੀਕਾ ਵਿਚ ਮੀ-ਟੂ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਸਾਹਮਣੇ ਆਈਆਂ। ਮੀ-ਟੂ ਮੁਹਿੰਮ ਵਿਚ ਫਿਲਮ ਨਿਰਮਾਤਾ ਹਾਰਵੇ ਵਿੰਸਟੀਨ ਦੇ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਰ ਹੋਈਆਂ ਪੰਜ ਦਰਜਨ ਤੋਂ ਜ਼ਿਆਦਾ ਔਰਤਾਂ ਸਾਹਮਣੇ ਆਈਆਂ ਅਤੇ ਆਪ-ਬੀਤੀ ਦੱਸੀ। ਮੁਲਜ਼ਮ ਤਾਰਿਕ ਰਮਾਦਾਨ ਸਵਿਟਜ਼ਰਲੈਂਡ ਦੇ ਨਾਗਰਿਕ ਹਨ ਅਤੇ ਉਨ੍ਹਾਂ ਦੇ ਬਾਬਾ ਨੇ ਮਿਸਰ ਵਿਚ ਮੁਸਲਿਮ ਬ੍ਰਦਰਹੁੱਡ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਜੋ ਬਾਅਦ ਵਿਚ ਕਈ ਅਰਬ ਦੇਸ਼ਾਂ ਵਿਚ ਤਖ਼ਤਾਪਲਟ ਦਾ ਕਾਰਨ ਬਣਿਆ।
ਮਾਮਲੇ ਦੀ ਸ਼ੁਰੂਆਤ ਜਾਂਚ ਵਿਚ ਤਿੰਨ ਮੈਜਿਸਟ੍ਰੇਟਾਂ ਨੇ ਰਮਾਦਾਨ ਕੋਲੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦਾ ਪੱਖ ਸੁਣਿਆ। ਇਸ ਤੋਂ ਬਾਅਦ ਮਾਮਲੇ ਨੂੰ ਅੱਗੇ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਤਿੰਨ ਮਹੀਨੇ ਚੱਲੀ ਜਾਂਚ ਵਿਚ ਔਰਤਾਂ ਦੀ ਸ਼ਿਕਾਇਤ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਰਮਾਦਾਨ ਨੂੰ ਟੀਵੀ ਪ੍ਰੋਗਰਾਮਾਂ ਵਿਚ ਇਸਲਾਮ ਦੀਆਂ ਕੱਟੜਪੰਥੀ ਗੱਲਾਂ ਨੂੰ ਵਿਵਹਾਰਕ ਤਰੀਕੇ ਨਾਲ ਰੱਖਣ ਲਈ ਜਾਣਿਆ ਜਾਂਦਾ ਹੈ। ਹਾਲ ਦੇ ਸਾਲਾਂ ਵਿਚ ਫਰਾਂਸ ਵਿਚ ਜਿਣਸੀ ਸ਼ੋਸ਼ਣ ਦੇ ਸਿਲਸਿਲੇ ਵਿਚ ਗ੍ਰਿਫਤਾਰ ਹੋਏ ਲੋਕਾਂ ਵਿਚ ਰਮਾਦਾਨ ਸਭ ਤੋਂ ਵੱਡੀ ਸ਼ਖਸੀਅਤ ਹਨ। ਚਾਰ ਬੱਚਿਆਂ ਦੇ ਪਿਤਾ ਰਮਾਦਾਨ ਨੇ ਫਿਲਹਾਲ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ। ਰਮਾਦਾਨ ਉੱਤੇ ਦੋਸ਼ ਲਗਾਉਣ ਵਾਲੀ ਪਹਿਲੀ ਮਹਿਲਾ ਹੇਂਡਾ ਆਇਰੀ ਹੈ, ਜੋ ਔਰਤਾਂ ਅਧਿਕਾਰਾਂ ਲਈ ਕੰਮ ਕਰਦੀਆਂ ਹਨ, ਜਦੋਂ ਕਿ ਦੂਜੀ ਔਰਤ ਇਕ ਅਪਾਹਜ ਹੈ, ਜਿਸ ਨੇ ਇਸਲਾਮ ਧਰਮ ਅਪਣਾਇਆ ਸੀ ਅਤੇ ਉਹ ਧਾਰਮਿਕ ਗੱਲਾਂ ਜਾਣਨ ਲਈ ਰਮਾਦਾਨ ਕੋਲ ਜਾਂਦੀ ਸੀ। ਰਮਾਦਾਨ ਨੇ ਦੋਹਾਂ ਨਾਲ ਵੱਖ-ਵੱਖ ਹੋਟਲਾਂ ਵਿਚ ਜਬਰ ਜਨਾਹ ਕੀਤਾ।