ਇਰਾਕ ''ਚ ਇਸਲਾਮਕ ਦਾਵਾ ਅਤੇ ਮੌਲਵੀ ਗੁੱਟ ਵਿਚਕਾਰ ਗਠਜੋੜ ''ਤੇ ਸਹਿਮਤੀ

06/24/2018 3:42:06 PM

ਨਜਫ— ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਆਬਾਦੀ ਨੇ ਕਿਹਾ ਕਿ ਇਸ ਸਾਲ ਮਈ 'ਚ ਹੋਈਆਂ ਸੰਸਦੀ ਚੋਣਾਂ ਮਗਰੋਂ ਸਭ ਤੋਂ ਵੱਡੇ ਦਲ ਦੇ ਰੂਪ 'ਚ ਉੱਭਰੇ ਧਰਮ ਗੁਰੂ ਮੁਕਤਾਦਾ ਅਲ-ਸਦਰ ਦੇ ਗੁੱਟ ਨਾਲ ਗਠਜੋੜ ਦਾ ਫੈਸਲਾ ਲਿਆ ਗਿਆ ਹੈ। ਦੋਹਾਂ ਨੇਤਾਵਾਂ ਨੇ ਸ਼ਨੀਵਾਰ ਨੂੰ ਨਜਫ 'ਚ ਪੱਤਰਕਾਰ ਸੰਮੇਲਨ 'ਚ ਗਠਜੋੜ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਗਠਜੋੜ ਧਰਮ ਅਤੇ ਨਸਲ ਦੇ ਉੱਪਰ ਉੱਠ ਕੇ ਕੰਮ ਕਰੇਗਾ। ਦਸੰਬਰ 'ਚ ਇਸਲਾਮਕ ਸਟੇਟ ਨੂੰ ਹਰਾਉਣ ਦੇ ਬਾਅਦ ਇਰਾਕ 'ਚ ਪਹਿਲੀਆਂ ਸੰਸਦੀ ਚੋਣਾਂ ਕਰਵਾਈਆਂ ਗਈਆਂ ਸਨ। ਆਬਾਦੀ ਦੀ ਇਸਲਾਮਕ ਦਾਵਾ ਪਾਰਟੀ 42 ਸੀਟਾਂ ਨਾਲ ਤੀਜੇ ਸਥਾਨ 'ਤੇ ਰਹੀ ਹੈ ਜਦਕਿ ਪ੍ਰਭਾਵਸ਼ਾਲੀ ਸ਼ੀਆ ਮੌਲਵੀ ਅਲ-ਸਦਰ ਦੀ ਅਗਵਾਈ ਵਾਲੇ ਗਠਜੋੜ ਨੂੰ ਸਭ ਤੋਂ ਵਧੇਰੇ 54 ਸੀਟਾਂ ਮਿਲੀਆਂ ਅਤੇ 47 ਸੀਟਾਂ ਨਾਲ ਅਲ ਫਾਤਿਹਾ ਗੁੱਟ ਦੂਜੇ ਸਥਾਨ 'ਤੇ ਰਿਹਾ ਹੈ। ਇਸ ਤੋਂ ਪਹਿਲਾਂ ਸਦਰ ਅਤੇ ਸ਼ੀਆ ਮਿਲਸ਼ੀਆ ਕਮਾਂਡਰ ਹਾਦੀ-ਅਲ- ਅਮੀਰੀ ਨੇ ਗਠਜੋੜ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਕਿ ਇਸ 'ਤੇ ਅਮਲ ਹੋਇਆ ਜਾਂ ਨਹੀਂ।