ਅਮਰੀਕਾ ''ਚ ਇਰਮਾ ਤੂਫਾਨ ਕਾਰਨ 4 ਦੀ ਮੌਤ

09/08/2017 9:26:21 PM

ਨਿਊਯਾਰਕ— ਅਮਰੀਕਾ ਦੇ ਵਰਜਿਨ ਟਾਪੂ 'ਚ ਆਏ ਭਿਆਨਕ ਚੱਕਰਵਾਤੀ ਤੂਫਾਨ ਇਰਮਾ ਦੀ ਲਪੇਟ 'ਚ ਆ ਕੇ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਪ੍ਰਮੁੱਖ ਹਸਪਤਾਲ ਸਮੇਤ ਬੁਨਿਆਦੀ ਢਾਂਚੇ ਨੂੰ ਵਿਆਪਕ ਨੁਕਸਾਨ ਪੁੱਜਾ ਹੈ।  ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਜ਼ਿਆਦਾ ਹੋਣ ਦਾ ਖਦਸ਼ਾ ਹੈ। 
ਇਸ ਚੱਕਰਵਾਤੀ ਤੂਫਾਨ ਨੂੰ ਅਮਰੀਕਾ ਦੇ ਤਬਾਹਕੁੰਨ ਤੂਫਾਨ ਦੀ ਸ਼੍ਰੇਣੀ 5 ਵਿਚ ਰੱਖਿਆ ਗਿਆ ਹੈ ਅਤੇ ਇਸ ਨੂੰ ਸਦੀ ਦਾ ਖਤਰਨਾਕ ਐਟਲਾਂਟਿਕ ਚੱਕਰਵਾਤੀ ਤੂਫਾਨ ਕਰਾਰ ਦਿੱਤਾ ਗਿਆ ਹੈ। ਤੂਫਾਨ ਸਬੰਧੀ ਕੇਂਦਰ ਅਨੁਸਾਰ ਇਸ ਤੂਫਾਨ ਦੀ ਵੱਧ ਤੋਂ ਵੱਧ ਰਫਤਾਰ 298 ਕਿਲੋਮੀਟਰ ਪ੍ਰਤੀ ਘੰਟਾ ਸੀ। 
ਓਧਰ ਅਮਰੀਕੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫਾਨ 'ਜੋਸ' ਤੀਸਰੀ ਸ਼੍ਰੇਣੀ ਦਾ ਤੂਫਾਨ ਬਣ ਗਿਆ ਹੈ। ਇਹ ਤੂਫਾਨ 'ਇਰਮਾ' ਦੇ ਰਸਤੇ 'ਤੇ ਅੱਗੇ ਵਧ ਰਿਹਾ ਹੈ। ਇਸ ਤੂਫਾਨ ਕਾਰਨ 195 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਅਗਲੇ 24 ਤੋਂ 36 ਘੰਟਿਆਂ 'ਚ ਤੂਫਾਨ ਦੇ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ।