ਮੁਹੰਮਦ ਤੌਫੀਕ ਅੱਲਾਵੀ ਬਣੇ ਇਰਾਕ ਦੇ ਨਵੇਂ ਪੀ.ਐੱਮ.

02/02/2020 3:16:10 PM

ਬਗਦਾਦ (ਬਿਊਰੋ): ਇਰਾਕ ਵਿਚ ਜਾਰੀ ਪ੍ਰਦਰਸ਼ਨਾਂ ਦੇ ਵਿਚ ਦੇਸ਼ ਨੂੰ ਮੁਹੰਮਦ ਤੋਫੀਕ ਅੱਲਾਵੀ (65) ਦੇ ਰੂਪ ਵਿਚ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ। ਇਰਾਕੀ ਰਾਸ਼ਟਰਪਤੀ ਬਰਹਾਮ ਸਾਲੇਹ ਨੇ ਇਸ ਦਾ ਐਲਾਨ ਕੀਤਾ। ਇੱਥੇ ਦੱਸ ਦਈਏ ਕਿ ਪਿਛਲੇ 4 ਮਹੀਨੇ ਤੋਂ ਦੇਸ਼ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ। ਇਹਨਾਂ ਵਿਚ ਲੱਗਭਗ 500 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ ਤੌਫੀਕ ਅੱਲਾਵੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਅੱਲਾਵੀ ਨੇ ਸ਼ਨੀਵਾਰ ਨੂੰ ਆਪਣੀ ਨਿਯੁਕਤੀ ਦੇ ਐਲਾਨ ਦੇ ਬਾਅਦ ਟਵਿੱਟਰ 'ਤੇ ਪੋਸਟ ਕੀਤੇ ਗਏ ਇਕ ਵੀਡੀਓ ਵਿਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕੀਤਾ। 

ਉਹਨਾਂ ਨੇ ਕਿਹਾ,''ਮੈਨੂੰ ਤੁਹਾਡੇ ਕਾਰਨ ਹੀ ਸੱਤਾ ਮਿਲੀ ਹੈ। ਤੁਹਾਡੀ ਬਹਾਦੁਰੀ ਅਤੇ ਬਲੀਦਾਨ ਕਾਰਨ ਦੇਸ਼ ਵਿਚ ਤਬਦੀਲੀ ਆਈ ਹੈ। ਤੁਸੀਂ ਆਪਣੇ ਦੇਸ਼ ਲਈ ਪ੍ਰਦਰਸ਼ਨ ਕੀਤਾ। ਜੇਕਰ ਮੈਂ ਤੁਹਾਡੀਆਂ ਮੰਗਾਂ ਨੂੰ ਪੂਰਾ ਕਰਨ ਵਿਚ ਸਮੱਰਥ ਨਹੀਂ ਰਹਿੰਦਾ ਹਾਂ ਤਾਂ ਮੈਂ ਇਸ ਅਹੁਦੇ ਦੇ ਅਯੋਗ ਹਾਂ।'' ਅੱਲਾਵੀ ਸਾਬਕਾ ਪ੍ਰਧਾਨ ਮੰਤਰੀ ਨੂਰੀਅਲ-ਮਲਿਕੀ ਦੀ ਸਰਕਾਰ ਵਿਚ ਸੰਚਾਰ ਮੰਤਰੀ ਰਹਿ ਚੁੱਕੇ ਹਨ। ਉਹਨਾਂ ਨੇ ਇਸ ਅਹੁਦੇ ਤੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ 'ਤੇ ਰਾਜਨੀਤਕ ਦਖਲ ਅੰਦਾਜ਼ੀ ਦਾ ਦੋਸ਼ ਲਗਾ ਕੇ ਅਸਤੀਫਾ ਦੇ ਦਿੱਤਾ ਸੀ। 

ਅੱਲਾਵੀ ਨੇ ਪ੍ਰਦਰਸ਼ਨਕਾਰੀਆਂ ਨੂੰ ਮੰਗਾਂ ਪੂਰੀਆਂ ਨਾ ਹੋਣ ਤੱਕ ਪਿੱਛੇ ਨਾ ਹਟਣ ਦੀ ਗੱਲ ਕਹੀ ਅਤੇ ਪ੍ਰਦਰਸ਼ਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨਾਂ ਵਿਚ ਮਰੇ 467 ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਜ਼ਖਮੀ ਹੋਏ 9,000 ਤੋਂ ਵੱਧ ਲੋਕਾਂ ਦੀ ਮੈਡੀਕਲ ਦੇਖਭਾਲ ਯਕੀਨੀ ਕਰਨ ਦਾ ਵਾਅਦਾ ਕੀਤਾ ਗਿਆ।

Vandana

This news is Content Editor Vandana