ਈਰਾਨ ਨੇ ਕੀਤਾ ਕਬੂਲ, ਉਸ ਦੀ ਗਲਤੀ ਨਾਲ 176 ਹਵਾਈ ਮੁਸਾਫਰਾਂ ਦੀ ਗਈ ਜਾਨ (ਵੀਡੀਓ)

01/11/2020 9:54:38 AM

ਤਹਿਰਾਨ— ਈਰਾਨ 'ਚ 8 ਜਨਵਰੀ ਨੂੰ ਯੂਕਰੇਨ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਨਾਲ 176 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਨੂੰ ਲੈ ਕੇ ਈਰਾਨ ਨੇ ਕਬੂਲ ਕੀਤਾ ਹੈ ਕਿ ਗਲਤੀ ਨਾਲ ਉਸ ਦੀ ਫੌਜ ਨੇ ਯੂਕਰੇਨ ਦਾ ਜਹਾਜ਼ ਸ਼ੂਟ ਕਰ ਦਿੱਤਾ ਸੀ। ਸਰਕਾਰ ਵਲੋਂ ਜਾਰੀ ਬਿਆਨ 'ਚ ਇਸ ਨੂੰ ਮਨੁੱਖੀ ਭੁੱਲ ਦੱਸਿਆ ਗਿਆ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਗਲਤੀ 'ਤੇ ਡੂੰਘਾ ਦੁੱਖ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਗਲਤੀ ਮੁਆਫੀ ਯੋਗ ਨਹੀਂ ਹੈ।

ਇਸ ਤੋਂ ਪਹਿਲਾਂ ਈਰਾਨ ਦਾ ਕਹਿਣਾ ਸੀ ਕਿ ਉਸ ਦੀਆਂ ਮਿਜ਼ਾਇਲਾਂ ਨਾਲ ਜਹਾਜ਼ ਹਾਦਸਾਗ੍ਰਸਤ ਨਹੀਂ ਹੋਇਆ। ਹਾਲਾਂਕਿ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬ੍ਰਿਟਿਸ਼ ਪੀ. ਐੱਮ. ਬੋਰਿਸ ਜਾਨਸਨ ਨੇ ਖੁਫੀਆ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਸੀ ਕਿ ਜਹਾਜ਼ ਈਰਾਨ ਦੀ ਮਿਜ਼ਾਇਲ ਟਕਰਾਉਣ ਨਾਲ ਹੀ ਹਾਦਸਾਗ੍ਰਸਤ ਹੋਇਆ। ਈਰਾਨ ਨੇ ਪਹਿਲਾਂ ਦੋਹਾਂ ਨੇਤਾਵਾਂ ਨੂੰ ਇਨ੍ਹਾਂ ਦਾਅਵਿਆਂ ਦੇ ਸਬੂਤ ਦੇਣ ਲਈ ਕਿਹਾ ਸੀ ਪਰ ਸ਼ਨੀਵਾਰ ਨੂੰ ਈਰਾਨੀ ਸਰਕਾਰ ਨੇ ਗਲਤੀ ਮੰਨ ਲਈ। ਯੂਕਰੇਨ ਦਾ ਜਹਾਜ਼ ਬੁੱਧਵਾਰ ਨੂੰ ਹਾਦਸਾਗ੍ਰਸਤ ਹੋਇਆ ਸੀ, ਜਿਸ 'ਚ 82 ਈਰਾਨੀ, 63 ਕੈਨੇਡੀਅਨ, 11 ਯੂਕਰੇਨੀ, 10 ਸਵੀਡਿਸ਼ ਅਤੇ ਜਰਮਨੀ-ਬ੍ਰਿਟੇਨ ਦੇ 3-3 ਨਾਗਰਿਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਬੋਇੰਗ 737-800 ਉਡਾਣ ਭਰਨ ਦੇ 3 ਮਿੰੰਟ ਬਾਅਦ ਹੀ ਇਮਾਮ ਖੋਮੇਨੀ ਏਅਰਪੋਰਟ ਤੋਂ ਕੁਝ ਹੀ ਦੂਰੀ 'ਤੇ ਡਿੱਗ ਗਿਆ ਸੀ।