ਅਮਰੀਕੀ ਪਾਬੰਦੀਆਂ ਨਾਲ ਈਰਾਨ ਦੀ ਅਰਥ ਵਿਵਸਥਾ ''ਚ 9.5 ਫੀਸਦੀ ਦੀ ਗਿਰਾਵਟ

10/16/2019 2:51:50 AM

ਵਾਸ਼ਿੰਗਟਨ - ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਮੰਗਲਵਾਰ ਨੂੰ ਆਖਿਆ ਕਿ ਅਮਰੀਕੀ ਪਾਬੰਦੀਆਂ ਕਾਰਨ 2019 'ਚ ਈਰਾਨ ਦੀ ਅਰਥ ਵਿਵਸਥਾ 'ਚ 9.5 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਆਈ. ਐੱਮ. ਐੱਫ. ਨੇ ਵਿਸ਼ਵ ਆਰਥਿਕ ਆਓਟਲੁੱਕ (ਡਬਲਯੂ. ਈ. ਓ.) ਰਿਪੋਰਟ 'ਚ ਇਹ ਖੁਲਾਸਾ ਕੀਤਾ ਹੈ ਕਿ ਇਸ ਸਾਲ ਈਰਾਨ ਦੀ ਅਰਥ ਵਿਵਸਥਾ 'ਚ 9.5 ਫੀਸਦੀ ਦੀ ਕਮੀ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਆਖਿਆ ਕਿ ਅਮਰੀਕਾ ਦੀਆਂ ਪਾਬੰਦੀਆਂ ਦੇ ਪ੍ਰਭਾਵ ਨਾਲ ਅਪ੍ਰੈਲ 'ਚ 3.5 ਫੀਸਦੀ ਦੀ ਗਿਰਾਵਟ ਦੇਖੀ ਗਈ।

ਆਈ. ਐੱਮ. ਐੱਫ. ਮੁਤਾਬਕ ਗਿਰਾਵਟ ਤੋਂ ਬਾਅਦ ਈਰਾਨ ਦੀ ਅਰਥ ਵਿਵਸਥਾ 'ਚ ਆਮ ਵਾਧਾ ਫਿਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਅਮਰੀਕੀ ਪਾਬੰਦੀਆਂ ਕਾਰਨ ਈਰਾਨ ਦੇ ਤੇਲ ਅਤੇ ਧਾਤੂ ਉਦਯੋਗ, ਵਿੱਤ ਅਤੇ ਬੈਂਕਿੰਗ ਖੇਤਰ, ਵਪਾਰ ਅਤੇ ਹਥਿਆਰ ਵਿਕਾਸ, ਯਾਤਰਾ ਪਾਬੰਦੀ ਅਤੇ ਜਾਇਦਾਦ ਫ੍ਰੀਜ਼ ਖੇਤਰ ਪ੍ਰਭਾਵਿਤ ਹੋਏ ਹਨ। ਜ਼ਿਕਰਯੋਗ ਹੈ ਕਿ ਈਰਾਨ ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹੱਟਣ ਤੋਂ ਬਾਅਦ ਅਮਰੀਕਾ ਨੇ ਈਰਾਨ 'ਤੇ ਸਖਤ ਪਾਬੰਦੀਆਂ ਲਾਈਆਂ ਹੋਈਆਂ ਹਨ। ਅਮਰੀਕਾ ਸਤੰਬਰ ਮਹੀਨੇ 'ਚ ਸਾਊਦੀ ਅਰਬ ਦੀ ਤੇਲ ਸੁਵਿਧਾਵਾਂ 'ਤੇ ਹਮਲੇ ਦਾ ਜ਼ਿੰਮੇਵਾਰ ਈਰਾਨ ਨੂੰ ਮੰਨਦਾ ਹੈ। ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਤਣਾਅ ਪੂਰਣ ਬਣੇ ਹੋਏ ਹਨ।

Khushdeep Jassi

This news is Content Editor Khushdeep Jassi