ਈਰਾਨ ਪਹੁੰਚੀ ਸੁਲੇਮਾਨੀ ਦੀ ਲਾਸ਼, ਸ਼ਰਧਾਂਜਲੀ ਸਮਾਰੋਹ ਸ਼ੁਰੂ

01/05/2020 1:20:03 PM

ਤੇਹਰਾਨ (ਭਾਸ਼ਾ): ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਹਵਾਈ ਹਮਲੇ ਵਿਚ ਮਾਰੇ ਗਏ ਸੀਨੀਅਰ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਲਈ ਸ਼ਰਧਾਂਜਲੀ ਸਭਾ ਐਤਵਾਰ ਨੂੰ ਈਰਾਨ ਦੇ ਅਹਿਵਾਜ਼ ਸ਼ਹਿਰ ਵਿਚ ਸ਼ੁਰੂ ਹੋਈ, ਜਿੱਥੇ ਉਹਨਾਂ ਦੀ ਲਾਸ਼ ਨੂੰ ਇਰਾਕ ਤੋਂ ਲਿਆਂਦਾ ਗਿਆ ਹੈ। ਸਰਕਾਰੀ ਟੀਵੀ ਨੇ ਇਸ ਨੂੰ ਕਵਰ ਕਰਨ ਲਈ ਇਕ ਲਾਈਵ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਵਿਚ ਦੱਖਣੀ-ਪੱਛਮੀ ਈਰਾਨ ਦੇ ਇਸ ਸ਼ਹਿਰ ਵਿਚ ਕਾਲੇ ਰੰਗ ਦੇ ਕੱਪੜੇ ਪਹਿਨੇ ਹਜ਼ਾਰਾਂ ਲੋਕਾਂ ਨੇ ਸੋਗਸਭਾ ਵਿਚ ਹਿੱਸਾ ਲਿਆ। ਸਮਾਰੋਹ ਦੇ ਫੁਟੇਜ ਵਿਚ ਮੌਲਵੀ ਸਕਵਾਇਰ ਵਿਚ ਹਰੇ, ਸਫੇਦ ਅਤੇ ਲਾਲ ਝੰਡੇ ਲਏ ਵੱਡੀ ਗਿਣਤੀ ਵਿਚ ਲੋਕ ਦਿਸ ਰਹੇ ਹਨ। 

ਈਰਾਨ ਦੇ ਲੋਕ ਸੁਲੇਮਾਨੀ ਨੂੰ 1980-88 ਦੇ ਈਰਾਨ-ਇਰਾਕ ਯੁੱਧ ਦੇ ਹੀਰੋ ਦੇ ਤੌਰ 'ਤੇ ਦੇਖਦੇ ਹਨ। ਇਸ ਦੇ ਇਲਾਵਾ ਉਹਨਾਂ ਨੂੰ ਰੈਵੋਲੂਸ਼ਨਰੀ ਗਾਰਡਸ ਦੇ ਕੁਦਸ ਬਲ ਦੇ ਪ੍ਰਮੁੱਖ ਦੇ ਰੂਪ ਵਿਚ ਈਰਾਨ ਦੀਆਂ ਪੱਛਮੀ ਏਸ਼ੀਆ ਮੁਹਿੰਮਾਂ ਦੀ ਅਗਵਾਈ ਕਰਨ ਲਈ ਜਾਣਿਆ ਜਾਂਦਾ ਹੈ। ਸ਼ੀਆ ਮੁਸਲਿਮਾਂ ਦਾ ਨਾਅਰਾ ਲਗਾਉਂਦੇ ਹੋਏ ਕਈ ਪੁਰਸ਼ ਅਤੇ ਔਰਤਾਂ ਰੌਂਦੇ ਹੋਏ ਨਜ਼ਰ ਆਏ। ਹਵਾਈ ਫੁਟੇਜ ਵਿਚ 13 ਲੱਖ ਲੋਕਾਂ ਦੀ ਆਬਾਦੀ ਵਾਲੇ ਸ਼ਹਿਰ ਅਹਿਵਾਜ਼ ਦੇ ਮੌਲਵੀ ਸਕਵਾਇਰ ਅਤੇ ਨੇੜਲੀਆਂ ਸੜਕਾਂ 'ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਹਨ। 

ਅਰਧ ਸਰਕਾਰੀ ਸਮਾਚਾਰ ਏਜੰਸੀ ਆਈ.ਐੱਸ.ਐੱਨ.ਏ. ਨੇ ਦੱਸਿਆ ਕਿ ਸੁਲੇਮਾਨੀ ਦੀ ਲਾਸ਼ ਅੱਜ ਤੜਕੇ ਅਹਿਵਾਜ਼ ਹਵਾਈ ਅੱਡੇ 'ਤੇ ਪਹੁੰਚੀ। ਐਤਵਾਰ ਸ਼ਾਮ ਨੂੰ ਹੋਰ ਸ਼ਰਧਾਂਜਲੀ ਸਭਾਵਾਂ ਲਈ ਉਹਨਾਂ ਦੀ ਲਾਸ਼ ਨੂੰ ਈਰਾਨ ਦੀ ਰਾਜਧਾਨੀ ਤੇਹਰਾਨ ਲਿਆਏ ਜਾਣ ਦੀ ਆਸ ਹੈ। ਅਜਿਹੀ ਸੰਭਾਵਨਾ ਹੈ ਕਿ ਸੋਮਵਾਰ ਨੂੰ ਆਜ਼ਾਦੀ ਸਕਵਾਇਰ ਤੱਕ ਜਲੂਸ ਕੱਢਣ ਤੋਂ ਪਹਿਲਾਂ ਈਰਾਨ ਦੇ ਸਰਬ ਉੱਚ ਨੇਤਾ ਅਯਾਤੁਲਾ ਅਲੀ ਖਾਮੇਨੀ ਤੇਹਰਾਨ ਯੂਨੀਵਰਸਿਟੀ ਵਿਚ ਉਹਨਾਂ ਨੂੰ ਸ਼ਰਧਾਂਜਲੀ ਦੇਣਗੇ। ਮੰਗਲਵਾਰ ਨੂੰ ਉਹਨਾਂ ਦੇ ਗ੍ਰਹਿਨਗਰ ਕਰਮਨ ਵਿਚ ਅੰਤਿਮ ਸੰਸਕਾਰ ਤੋਂ ਪਹਿਲਾਂ ਸ਼ੀਆ ਦੇ ਧਾਰਮਿਕ ਸਥਲ ਮਾਸੁਮੇਹ ਵਿਚ ਇਕ ਸ਼ਰਧਾਂਜਲੀ ਸਮਾਰੋਹ ਲਈ ਉਹਨਾਂ ਦੀ ਲਾਸ਼ ਨੂੰ ਪਵਿੱਤਰ ਸ਼ਹਿਰ ਕੋਮ ਲਿਜਾਇਆ ਜਾਵੇਗਾ।

Vandana

This news is Content Editor Vandana