ਯੂ.ਐਸ ਦੀ ਦੱਖਣੀ ਏਸ਼ੀਆ ਨੀਤੀ ਵਿਚ ਅੱਤਵਾਦ ਸਬੰਧੀ ਪਾਕਿ ਕਾਰਵਾਈ ਉੱਤੇ ਨਹੀਂ ਮੌਜੂਦ ਜਾਣਕਾਰੀ

11/09/2017 4:40:29 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਇਕ ਚੋਟੀ ਦੀ ਸੰਸਦ ਮੈਂਬਰ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੱਖਣੀ ਏਸ਼ੀਆ ਉੱਤੇ ਨਵੀਂ ਰਣਨੀਤੀ ਵਿਚ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕਿਵੇਂ ਉਨ੍ਹਾਂ ਦਾ ਪ੍ਰਸ਼ਾਸਨ ਪਾਕਿਸਤਾਨ ਨੂੰ ਆਪਣਾ ਰਸਤਾ ਬਦਲਣ ਅਤੇ ਅੱਤਵਾਦ ਦੇ ਖਿਲਾਫ ਹੋਰ ਕਾਰਵਾਈ ਕਰਨ ਲਈ ਤਿਆਰ ਕਰੇਗਾ। ਟਰੰਪ ਨੇ ਇਸ ਸਾਲ ਅਗਸਤ ਵਿਚ ਦੱਖਣੀ ਏਸ਼ੀਆ ਉੱਤੇ ਆਪਣੀ ਨਵੀਂ ਰਣਨੀਤੀ ਦਾ ਐਲਾਨ ਕਰਦੇ ਹੋਏ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਦੇਣ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ। ਸੰਸਦ ਮੈਂਬਰ ਇਲੀਆਨਾ ਰੋਜ਼ ਲੇਹਤਿਨ ਨੇ ਕਿਹਾ ਕਿ ਪਾਕਿਸਤਾਨ ਦੇ ਸਹਿਯੋਗ ਬਿਨਾਂ ਖੇਤਰ ਵਿਚ ਅੱਤਵਾਦੀ ਧੜਿਆਂ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉੰਦੀ ਕਿ ਪਾਕਿਸਤਾਨ ਦੇ ਸਹਿਯੋਗ ਬਿਨਾਂ ਕਿਵੇਂ ਅਸੀਂ ਇਨ੍ਹਾਂ ਧੜਿਆਂ ਦਾ ਖਾਤਮਾ ਕਰ ਸਕਾਂਗੇ। ਮੈਨੂੰ ਪਤਾ ਹੈ ਕਿ ਰਾਸ਼ਟਰਪਤੀ ਨੇ ਸਭਿਅਤਾ, ਅਨੁਸ਼ਾਸਨ, ਸ਼ਾਂਤੀ ਲਈ ਆਪਣੀ ਵਚਨਬੱਧਤਾ ਦਰਸ਼ਾਉਣ ਦਾ ਦਬਾਅ ਪਾਕਿਸਤਾਨ ਉੱਤੇ ਬਣਾਇਆ ਹੈ ਪਰ ਰਣਨੀਤੀ ਵਿਚ ਇਸ ਉੱਤੇ ਕੋਈ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕਿਵੇਂ ਅਸੀਂ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਕਾਰਵਾਈ ਕਰਨ ਲਈ ਰਾਜ਼ੀ ਕਰਾਂਗੇ।