ਇੰਡੋਨੇਸ਼ੀਆ ਹੈਲੀਕਾਪਟਰ ਹਾਦਸਾ ਮਾਮਲੇ ''ਚ 12 ਫੌਜੀਆਂ ਦੀਆਂ ਲਾਸ਼ਾਂ ਬਰਾਮਦ

02/14/2020 5:36:12 PM

ਜੈਪੁਰਾ- ਇੰਡੋਨੇਸ਼ੀਆ ਵਿਚ ਸ਼ੁੱਕਰਵਾਰ ਨੂੰ ਖੋਜੀ ਦਲ ਨੇ 12 ਫੌਜੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਹਨਾਂ ਦਾ ਹੈਲੀਕਾਪਟਰ 8 ਮਹੀਨੇ ਪਹਿਲਾਂ ਦੇਸ਼ ਦੇ ਪੂਰਬੀ ਸੂਬੇ ਪਾਪੂਆ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਸੂਬੇ ਵਿਚ ਵੱਖਵਾਦੀ ਵਿਰੋਧੀ ਸਮੂਹ ਸਰਗਰਮ ਹਨ। ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

ਪਾਪੂਆ ਦੀ ਫੌਜ ਬੁਲਾਰੇ ਡੈਕਸ ਸਿਯੰਚੁਰੀ ਨੇ ਦੱਸਿਆ ਕਿ ਫੌਜ ਨੂੰ ਤਕਰੀਬਨ 3,800 ਮੀਟਰ ਦੀ ਉਚਾਈ 'ਤੇ ਸਥਿਤ ਇਕ ਢਲਾਨ 'ਤੇ ਐਮ.ਆਈ.-17 ਦੇ ਮਲਬੇ ਦਾ ਪਤਾ ਲੱਗਿਆ। ਅਗਲੇ ਦਿਨ ਉਹ ਉਸ ਇਲਾਕੇ ਵਿਚ ਪਹੁੰਚੇ। ਉਹਨਾਂ ਨੇ ਕਿਹਾ ਕਿ 9 ਲਾਸ਼ਾਂ ਦੀ ਪਛਾਣ ਉਹਨਾਂ ਦੀ ਵਰਦੀ ਤੋਂ ਹੋਈ ਹੈ। ਮੁਹਿੰਮ ਦੀ ਅਗਵਾਈ ਕਰਨ ਵਾਲੇ ਸਥਾਨਕ ਕਮਾਂਡਰ ਬਿਨਸਰ ਸਿਯਾਨਪਾਰ ਨੇ ਕਿਹਾ ਕਿ ਖਰਾਬ ਮੌਸਮ ਦੇ ਕਾਰਨ ਲਾਸ਼ਾਂ ਨੂੰ ਲੱਭਣ ਵਿਚ ਪਰੇਸ਼ਾਨੀ ਹੋਣ ਲੱਗੀ ਇਸ ਲਈ ਸ਼ਨੀਵਾਰ ਤੜਕੇ ਫਿਰ ਤੋਂ ਤਲਾਸ਼ ਸ਼ੁਰੂ ਹੋਵੇਗੀ। ਪਿਛਲੇ ਸਾਲ 28 ਜੂਨ ਨੂੰ ਬਿਂਟਾਂਗ ਮਾਊਂਟੇਨ ਦੀ ਰਾਜਧਾਨੀ ਓਕਸਿਬਿਲ ਤੋਂ ਉਡਾਣ ਭਰਨ ਦੇ ਪੰਜ ਮਿੰਟ ਬਾਅਦ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ ਸੀ। ਹੈਲੀਕਾਪਟਰ ਜੈਯਪੁਰਾ ਦੀ ਯਾਤਰਾ ਕਰ ਰਿਹਾ ਸੀ। 

ਓਕਸੋਪ ਪਿੰਡ ਦੇ ਨਿਵਾਸੀਆਂ ਨੇ ਪਿਛਲੇ ਹਫਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਹਨਾਂ ਨੇ ਓਕਸਿਬਿਲ ਤੋਂ ਤਕਰੀਬਨ 12 ਕਿਲੋਮੀਟਰ ਦੂਰ ਇਸ ਖੇਤਰ ਵਿਚ ਮਲਬਾ ਦੇਖਿਆ ਹੈ। ਪੱਛਮੀ ਪਾਪੂਆ ਤੇ ਪੂਰਬੀ ਪਾਪੂਆ ਸੂਬਿਆਂ ਦੇ ਕਈ ਪਰਬਤੀ ਤੇ ਜੰਗਲੀ ਖੇਤਰਾਂ ਤੱਕ ਪਹੁੰਚਣ ਦਾ ਇਕਲੌਤਾ ਰਸਤਾ ਹਵਾਈਮਾਰਗ ਹੀ ਹੈ। ਇਸੇ ਖੇਤਰ ਵਿਚ ਹਾਲ ਵਿਚ ਕਈ ਫੌਜੀ ਹੈਲੀਕਾਪਟਰ ਵੱਖਵਾਦੀ ਵਿਧਰੋਹੀਆਂ ਦੇ ਹਮਲੇ ਦਾ ਸ਼ਿਕਾਰ ਹੋਏ ਹਨ। 

Baljit Singh

This news is Content Editor Baljit Singh