ਇੰਡੋਨੇਸ਼ੀਆ ਕਿਸ਼ਤੀ ਹਾਦਸਾ: ਲਾਪਤਾ ਲੋਕਾਂ ਦੀ ਗਿਣਤੀ ਵਧ ਕੇ ਹੋਈ 166

06/20/2018 9:35:08 AM

ਜਕਾਰਤਾ— ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਸੂਬੇ ਦੀ ਇਕ ਪ੍ਰਸਿੱਧ ਝੀਲ ਵਿਚ ਕਿਸ਼ਤੀ ਡੁੱਬਣ ਦੀ ਘਟਨਾ ਵਿਚ ਲਾਪਤਾ ਲੋਕਾਂ ਦੀ ਗਿਣਤੀ 128 ਤੋਂ ਵਧ ਕੇ 166 ਹੋ ਗਈ ਹੈ। ਇਹ ਗਿਣਤੀ ਪਹਿਲਾਂ ਤੋਂ ਲਗਾਏ ਗਏ ਅੰਦਾਜ਼ੇ ਤੋਂ ਜ਼ਿਆਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਚਾਲਕਾਂ ਕੋਲ ਯਾਤਰੀਆਂ ਦਾ ਕੋਈ ਰਿਕਾਰਡ ਨਹੀਂ ਸੀ। ਜਿਸ ਤੋਂ ਬਾਅਦ ਬਚਾਅ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚੇ ਰਿਸ਼ਤੇਦਾਰਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਕਈ ਵਾਰ ਲਾਪਤਾ ਹੋਣ ਵਾਲਿਆਂ ਦੀ ਗਿਣਤੀ ਵਧਾਈ ਹੈ। ਅਧਿਕਾਰੀਆਂ ਨੇ ਕੱਲ ਕਿਹਾ ਸੀ ਕਿ 94 ਲੋਕ ਲਾਪਤਾ ਹੋਏ ਹਨ ਅਤੇ ਇਹ ਗਿਣਤੀ ਵਧ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ ਸੋਮਵਾਰ ਨੂੰ ਵਾਪਰਿਆ ਸੀ ਅਤੇ ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪ੍ਰਸ਼ਾਸਨ ਨੇ ਬਚਾਅ ਦਲ ਨੂੰ ਤਾਇਨਾਤ ਕਰ ਦਿੱਤਾ ਸੀ ਪਰ ਖਰਾਬ ਮੌਸਮ ਹੋਣ ਕਾਰਨ ਬਚਾਅ ਮੁਹਿੰਮ ਵਿਚ ਕਾਫੀ ਰੁਕਾਵਟ ਪੈਦਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸ਼ਾਮ ਨੂੰ ਵਾਪਰੇ ਇਸ ਹਾਦਸੇ ਤੋਂ ਤੁਰੰਤ ਬਾਅਦ ਕਾਰਵਾਈ ਵਿਚ ਸਿਰਫ 18 ਲੋਕਾਂ ਨੂੰ ਬਚਾਇਆ ਜਾ ਸਕਿਆ ਅਤੇ 1 ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਸੀ। ਉਥੇ ਹੀ ਦੁਖੀ ਰਿਸ਼ਤੇਦਾਰਾਂ ਨੇ ਅਧਿਕਾਰੀਆਂ ਨੂੰ ਖੋਜ ਮੁਹਿੰਮ ਹੋਰ ਤੇਜ਼ ਕਰਨ ਦੀ ਬੇਨਤੀ ਕੀਤੀ ਹੈ।