ਲੋਕ ਸਭਾ ਚੋਣਾਂ ਨੂੰ ਲੈ ਕੇ ਵਿਦੇਸ਼ਾਂ ''ਚ ਬੈਠੇ ਭਾਰਤੀ ਵੀ ਹੋਏ ਸਰਗਰਮ

03/26/2019 11:59:10 AM

ਮਿਲਾਨ, (ਸਾਬੀ ਚੀਨੀਆ)— ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਹਿੱਤ ਚਲਾਏ ਗਏ 'ਮਿਸ਼ਨ ਮੋਦੀ ਪੀ. ਐੱਮ. ਅਗੇਨ' ਤਹਿਤ ਯੂਰਪ ਦੇ ਵੱਖ-ਵੱਖ ਮੁਲਕਾਂ 'ਚ ਭਾਜਪਾ ਦੀਆਂ ਇਕਾਈਆਂ ਬਹੁਤ ਜਲਦ ਬਣਾਈਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਮਿਸ਼ਨ ਦੇ ਇੰਟਰਨੈਸ਼ਨਲ ਕਨਵੀਨਰ ਸ਼੍ਰੀ ਪ੍ਰਵੇਸ਼ ਕੁਮਾਰ ਸ਼ੁਕਲਾ ਅਤੇ ਯੂਰਪ ਦੇ ਪ੍ਰਧਾਨ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਯੂਰਪ ਭਰ 'ਚ ਵੱਸਦੇ ਭਾਰਤੀਆਂ ਨੂੰ ਭਾਜਪਾ ਨਾਲ ਜੋੜਨ ਲਈ ਵੱਡੇ ਪੱਧਰ 'ਤੇ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਤਹਿਤ ਵੱਖ-ਵੱਖ ਦੇਸ਼ਾਂ ਅੰਦਰ ਮੀਟਿੰਗਾਂ ਕਰਕੇ ਨਵੀਆਂ ਇਕਾਈਆਂ ਦਾ ਐਲਾਨ ਆਉਣ ਵਾਲੇ ਦਿਨਾਂ 'ਚ ਬਹੁਤ ਜਲਦ ਕੀਤਾ ਜਾਵੇਗਾ। ਸ਼ੁਕਲਾ ਅਤੇ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਅਤੇ ਆਗੂਆਂ 'ਚ ਭਾਰੀ ਉਤਸ਼ਾਹ ਹੈ ਅਤੇ ਲੋਕ ਨਰਿੰਦਰ ਮੋਦੀ ਨੂੰ ਦੋਬਾਰਾ ਪ੍ਰਧਾਨ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ।ਆਗੂਆਂ ਨੇ ਅੱਗੇ ਦੱਸਿਆ ਕਿ ਲੋਕ ਸਭਾ ਚੋਣਾਂ ਚ ਪਾਰਟੀ ਦੇ ਪ੍ਰਚਾਰ ਹਿੱਤ ਵੱਖ-ਵੱਖ ਦੇਸ਼ਾਂ ਤੋਂ ਆਗੂ ਪਹੁੰਚ ਕੇ ਚੋਣ ਪ੍ਰਚਾਰ 'ਚ ਹਿੱਸਾ ਲੈਣਗੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਉਮਦੀਵਾਰ ਭਾਰਤ ਦੇ ਸਾਰੇ ਰਾਜਾਂ 'ਚ ਇਨ੍ਹਾਂ ਚੋਣਾਂ 'ਚ ਵੱਡੀ ਜਿੱਤ ਹਾਸਿਲ ਕਰਨਗੇ।