ਅਮਰੀਕਾ ''ਚ ਭਾਰਤੀਆਂ ਨੇ ਉਤਸ਼ਾਹ ਨਾਲ ਮਨਾਇਆ ਸੁਤੰਤਰਤਾ ਦਿਵਸ

08/16/2019 3:50:49 PM

ਵਾਸ਼ਿੰਗਟਨ (ਭਾਸ਼ਾ)- ਵਾਸ਼ਿੰਗਟਨ ਵਿਚ ਭਾਰਤੀ ਸਫਾਰਤਖਾਨੇ ਅਤੇ ਨਿਊਯਾਰਕ, ਸਾਨ ਫਰਾਂਸਿਸਕੋ ਅਤੇ ਸ਼ਿਕਾਗੋ ਸਥਿਤ ਭਾਰਤੀ ਸਫਾਰਤਖਾਨੇ ਦੇ ਬਾਹਰ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਇਕੱਠੇ ਹੋਏ ਅਤੇ ਦੇਸ਼ ਦੇ 73ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਇਆ। ਅਮਰੀਕਾ ਵਿਚ ਭਾਰਤੀ ਰਾਜਦੂਤ ਹਰਸ਼ ਵੀ ਸ਼੍ਰਿੰਗਲਾ ਨੇ ਵੀਰਵਾਰ ਨੂੰ ਤਿਰੰਗਾ ਝੰਡਾ ਲਹਿਰਾਇਆ ਅਤੇ ਉਥੇ ਮੌਜੂਦ 500 ਤੋਂ ਜ਼ਿਆਦਾ ਭਾਰਤੀ ਅਮਰੀਕੀ ਨਾਗਰਿਕਾਂ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਸੰਦੇਸ਼ ਪੜ੍ਹ ਕੇ ਸੁਣਾਇਆ।

ਇਕ ਪ੍ਰਸਿੱਧ ਬੈਂਡ ਦੇ ਨਾਲ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਸਫਾਰਤਖਾਨੇ ਸਾਹਮਣੇ ਸੜਕ 'ਤੇ ਦੇਸ਼ਭਗਤੀ ਦੇ ਗੀਤਾਂ 'ਤੇ ਡਾਂਸ ਕੀਤਾ ਅਤੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਅਰੇ ਲਗਾਏ। ਭਾਰਤੀ ਸਫਾਰਤਖਾਨੇ ਦੇ ਸਾਹਮਣੇ ਸਥਿਤ ਗਾਰਡਨ ਵਿਚ ਮਹਾਤਮਾ ਗਾਂਧੀ 'ਤੇ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ, ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਹਿਊਸਟਨ ਵਿਚ ਭਾਰਤੀ ਵਣਜ ਦੂਤ ਅਨੁਪਮ ਰੇ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸਮਾਰੋਹ ਵਿਚ ਹਿੱਸਾ ਲੈਣ ਲਈ ਵਣਜ ਸਫਾਰਤਖਾਨੇ ਆਏ ਭਾਰਤੀ ਮੂਲ ਦੇ ਸੈਂਕੜੇ ਅਮਰੀਕੀ ਨਾਗਰਿਕਾਂ ਨੂੰ ਸੰਬੋਧਿਤ ਕੀਤਾ। ਰਸਮੀ ਪਹਿਰਾਵੇ ਵਿਚ ਸਜੇ-ਧਜੇ ਅਤੇ ਹੱਥਾਂ ਵਿਚ ਤਿਰੰਗਾ ਝੰਡਾ ਲਏ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਦੇਸ਼ਭਗਤੀ ਦੇ ਗੀਤਾਂ 'ਤੇ ਡਾਂਸ ਕੀਤਾ।

ਪ੍ਰੋਗਰਾਮ ਵਿਚ ਸ਼ਿਰਕਤ ਕਰਨ ਆਏ ਭਾਰਤੀ ਮੂਲ ਦੇ ਅਮਰੀਕੀਆਂ ਨੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲਏ ਜਾਣ 'ਤੇ ਖੁਸ਼ੀ ਜਤਾਈ। ਭਾਰਤੀ ਮੂਲ ਦੇ ਇਕ ਅਮਰੀਕੀ ਨੇ ਕਿਹਾ ਕਿ ਅੱਜ ਹਰ ਨਾਗਰਿਕ ਖੁਸ਼ ਹੈ ਅਤੇ ਇਸ ਸਾਲ ਦਾ ਸੁਤੰਤਰਤਾ ਦਿਵਸ ਖਾਸ ਹੈ। ਪ੍ਰਧਾਨ ਮੰਤਰੀ ਹਰ ਭਾਰਤੀ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਹਰੇਕ ਭਾਰਤੀਆਂ ਦੇ ਪ੍ਰਸ਼ੰਸਾ ਦੇ ਪਾਤਰ ਹਨ ਕਿਉਂਕਿ ਇਕ ਦੇਸ਼ ਵਿਚ ਇਕ ਝੰਡਾ, ਇਕ ਸੰਵਿਧਾਨ ਹੀ ਹੋ ਸਕਦਾ ਹੈ।

ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਿਆਂ ਵਿਚ ਡੈਮੋਕ੍ਰੇਟਿਕ ਦੀ ਮਹਿਲਾ ਕਾਂਗਰਸ ਸੰਸਦ ਮੈਂਬਰ ਸ਼ੀਲਾ ਜੈਕਸਨ ਲੀ, ਪ੍ਰਤੀਨਿਧੀ ਸਭਾ ਦੇ ਸੈਨੇਟਰ ਜਾਨ ਕਾਰਨੀਨ ਅਤੇ ਕਾਂਗਰਸ ਮੈਂਬਰ ਏ.ਆਈ. ਗ੍ਰੀਨ ਸ਼ਾਮਲ ਸਨ। ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਰੇ ਨੇ ਉਨ੍ਹਾਂ ਨੂੰ ਦੋਹਾਂ ਦੇਸ਼ਾਂ ਨੂੰ ਸਾਮਰਿਕ ਤੌਰ 'ਤੇ ਅਤੇ ਨੇੜੇ ਲਿਆਉਣ ਦੀ ਦਿਸ਼ਾ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਲੀ ਨੇ ਕਿਹਾ ਕਿ ਹਰੇਕ ਵਿਅਕਤੀ ਇਥੇ ਭਾਰਤ ਪ੍ਰਤੀ ਆਪਣੇ ਪ੍ਰੇਮ ਕਾਰਨ ਜੁੜਿਆ ਹੋਇਆ ਹੈ। ਹਿਊਸਟਨ ਵਿਚ ਭਾਰਤੀ ਭਾਈਚਾਰੇ ਦੇ ਲੋਕ ਇੰਡੀਆ ਹਾਊਸ ਵਿਚ ਹੋਰ ਪ੍ਰੋਗਰਾਮ ਵਿਚ ਵੀ ਸ਼ਾਮਲ ਹੋਏ।

Sunny Mehra

This news is Content Editor Sunny Mehra