ਜਾਪਾਨੀ ਜਹਾਜ਼ ''ਚ ਫਸੇ ਭਾਰਤੀਆਂ ਨੂੰ ਕੱਢਣ ਦੀ ਕੋਸ਼ਿਸ਼ ਤੇਜ਼ : ਦੂਤਘਰ

02/15/2020 2:14:34 PM

ਟੋਕੀਓ— ਜਾਪਾਨ ਸਥਿਤ ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਜਾਪਾਨ ਦੇ ਤਟ 'ਤੇ ਵੱਖਰੇ ਰੱਖੇ ਗਏ ਕਰੂਜ਼ ਜਹਾਜ਼ 'ਚ ਸਵਾਰ ਸਾਰੇ ਭਾਰਤੀਆਂ ਨੂੰ ਉਤਾਰਨ ਦੀ ਕੋਸ਼ਿਸ਼ 'ਚ ਹਨ। ਚੀਨ 'ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਦੇ ਕਹਿਰ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1631 ਹੋ ਚੁੱਕੀ ਹੈ।

ਦੂਤਘਰ ਨੇ ਜਹਾਜ਼ 'ਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਈ-ਮੇਲ ਭੇਜ ਕੇ ਸਾਰੇ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਕੀਤਾ ਹੈ। ਦੂਤਘਰ ਨੇ ਆਪਣੇ ਫੇਸਬੁੱਕ ਪੇਜ਼ 'ਤੇ ਕਿਹਾ ਕਿ ਉਨ੍ਹਾਂ ਸਾਰਿਆਂ ਨਾਲ ਜਾਪਾਨ ਸਰਕਾਰ ਦੇ ਸਿਹਤ ਅਤੇ ਵੱਖਰੇ ਰੱਖੇ ਜਾਣ ਦੇ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਜਾਪਾਨੀ ਸਰਕਾਰ ਨੇ ਦੱਸਿਆ ਸੀ ਕਿ 80 ਜਾਂ ਇਸ ਤੋਂ ਵਧ ਉਮਰ ਦੇ ਯਾਤਰੀਆਂ 'ਚ ਕੋਵਿਡ-19 (ਕੋਰੋਨਾ ਵਾਇਰਸ) ਦੀ ਜਾਂਚ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਜਹਾਜ਼ 'ਚੋਂ ਉਤਰਨ ਦਾ ਬਦਲ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ ਬਿਆਨ 'ਚ ਕਿਹਾ ਗਿਆ ਹੈ ਕਿ ਕੋਈ ਭਾਰਤੀ ਇਸ ਸ਼੍ਰੇਣੀ ਤਹਿਤ ਨਹੀਂ ਆਉਂਦਾ। ਜਹਾਜ਼ 'ਚ 3 ਭਾਰਤੀ ਕੋਰੋਨਾ ਵਾਇਰਸ ਨਾਲ ਪੀੜਤ ਹਨ। ਉਂਝ ਜਹਾਜ਼ 'ਚ ਮੌਜੂਦ 218 ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 3711 ਲੋਕਾਂ ਨਾਲ ਭਰਿਆ ਜਹਾਜ਼ ਕਈ ਦਿਨਾਂ ਤੋਂ ਜਾਪਾਨ ਦੇ ਤਟ 'ਤੇ ਵੱਖਰਾ ਖੜ੍ਹਾ ਕੀਤਾ ਗਿਆ ਹੈ।