ਰਾਸ਼ਟਰਪਤੀ ਜੁਮਾ ਦੇ ਅਸਤੀਫੇ ਪਿੱਛੇ ਇਨ੍ਹਾਂ ਭਾਰਤੀਆਂ ਦਾ ਹੱਥ, ਪੁਲਸ ਕਰ ਰਹੀ ਹੈ ਭਾਲ

02/23/2018 3:37:40 PM

ਜੋਹਾਨਸਬਰਗ (ਏਜੰਸੀ)- ਦੱਖਣੀ ਅਫਰੀਕਾ ਦੇ ਬਿਜ਼ਨੈੱਸਮੈਨ ਅਤੇ ਟਾਪ 10 ਅਰਬਪਤੀਆਂ ਵਿਚ ਸ਼ੁਮਾਰ ਭਾਰਤੀ ਮੂਲ ਦੇ ਗੁਪਤਾ ਪਰਿਵਾਰ ਦੇ ਬੁਰੇ ਦਿਨ ਸ਼ੁਰੂ ਹੋ ਗਏ ਹਨ। ਰਾਸ਼ਟਰਪਤੀ ਜੈਕਬ ਜੁਮਾ ਦਾ ਅਸਤੀਫਾ ਇਸ ਦੀ ਵੱਡੀ ਵਜ੍ਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜੁਮਾ ਦੇ ਰਾਜਨੀਤਕ ਕੈਰੀਅਰ ਦੀ ਬਰਬਾਦੀ ਲਈ ਅਜੈ, ਅਤੁਲ, ਅਤੇ ਰਾਜੇਸ਼ ਗੁਪਤਾ ਹੀ ਜ਼ਿੰਮੇਵਾਰ ਹਨ। ਹਫਤਾ ਪਹਿਲਾਂ ਹੀ ਜੁਮਾ ਨੇ ਅਸਤੀਫਾ ਦਿੱਤਾ ਸੀ। ਉਨ੍ਹਾਂ ਦੇ ਦਫਤਰ ਵਿਚ ਹੋਏ ਕਥਿਤ ਘੋਟਾਲਿਆਂ ਵਿਚ ਗੁਪਤਾ ਬ੍ਰਦਰਸ ਸ਼ਾਮਲ ਰਹੇ ਹਨ। ਜੁਮਾ ਦੇ ਅਸਤੀਫੇ ਤੋਂ ਪਹਿਲਾਂ ਗੁਪਤਾ ਬ੍ਰਦਰਸ ਦੇ ਟਿਕਾਣਿਆਂ ਉੱਤੇ ਪੁਲਸ ਅਤੇ ਭ੍ਰਿਸ਼ਟਾਚਾਰ ਰੋਕੂ ਏਜੰਸੀਆਂ ਦੇ ਛਾਪੇ ਵੀ ਪਏ। ਗੁਪਤਾ ਦੇ ਕਾਰੋਬਾਰ ਨਾਲ ਜੁੜੇ ਪ੍ਰਮੁੱਖ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਉਥੇ ਹੀ ਸਭ ਤੋਂ ਵੱਡੇ ਭਰਾ ਅਜੈ ਗੁਪਤਾ ਨੂੰ ਭਗੌੜਾ ਐਲਾਨ ਦਿੱਤਾ ਗਿਆ। ਯੂ.ਪੀ. ਦੇ ਸਹਾਰਨਪੁਰ ਨਾਲ ਸਬੰਧਿਤ ਗੁਪਤਾ ਬ੍ਰਦਰਸ ਨੇ ਥੋੜੇ ਹੀ ਸਮੇਂ ਵਿਚ ਦੱਖਣੀ ਅਫਰੀਕਾ ਵਿਚ ਵੱਡਾ ਕਾਰੋਬਾਰੀ ਸਾਮਰਾਜ ਖੜਾ ਕਰ ਦਿੱਤਾ। ਕੰਪਿਊਟਰ, ਖਨਨ, ਮੀਡੀਆ ਟੈਕਨਾਲੋਜੀ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਵਿਚ ਤਰੱਕੀ ਕੀਤੀ। ਅਤੁਲ ਗੁਪਤਾ ਦੀ ਅਗਵਾਈ ਵਿਚ ਇਹ ਪਰਿਵਾਰ 1993 ਵਿਚ ਅਫਰੀਕਾ ਆਇਆ ਸੀ। ਇਨ੍ਹਾਂ ਨੇ 2010 ਵਿਚ ਦਿ ਨਿਊਜ਼ ਐਜ਼ ਅਖਬਾਰ ਲਾਂਚ ਕੀਤਾ ਜੋ ਜੁਮਾ ਹਮਾਇਤੀ ਮੰਨਿਆ ਜਾਂਦਾ ਹੈ। 2013 ਵਿਚ ਨਿਊਜ਼ ਚੈਨਲ ਸ਼ੁਰੂ ਕੀਤਾ। ਰਾਜਨੀਤਕ ਗਲਿਆਰਿਆਂ ਵਿਚ ਵੀ ਗੁਪਤਾ ਪਰਿਵਾਰ ਦਾ ਰਸੂਖ ਵਧਣ ਲੱਗਾ ਅਤੇ ਜੁਮਾ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਸੱਤਾਧਾਰੀ ਅਫਰੀਕਨ ਨੈਸ਼ਨਲ ਕਾਂਗਰਸ ਨਾਲ ਕਰੀਬੀ ਰਿਸ਼ਤੇ ਬਣ ਗਏ। ਗੁਪਤਾ ਬ੍ਰਦਰਸ ਦੇ ਸਹਾਰਾ ਕੰਪਿਊਟਰਸ ਵਿਚ ਜੁਮਾ ਦੇ ਪੁੱਤਰ ਦੁਦੁਜੇਨ ਡਾਇਰੈਕਟਰ ਸਨ। ਜੁਮਾ ਦੀ ਤੀਜੀ ਪਤਨੀ ਬੋਂਗੀ ਅਤੇ ਧੀ ਵੀ ਉਨ੍ਹਾਂ ਦੀ ਕੰਪਨੀ ਵਿਚ ਸੀ। ਚਰਚਾ ਹੈ ਕਿ ਗੁਪਤਾ ਬ੍ਰਦਰਸ ਦੇਸ਼ ਛੱਡ ਕੇ ਭੱਜ ਸਕਦੇ ਹਨ, ਕਿਉਂਕਿ ਉਨ੍ਹਾਂ ਉੱਤੇ ਕਈ ਮਾਮਲਿਆਂ ਵਿਚ ਸ਼ਿਕੰਜਾ ਕਸਿਆ ਜਾ ਸਕਦਾ ਹੈ। ਪਿਛਲੀ ਅਪ੍ਰੈਲ ਵਿਚ ਉਹ ਜਦੋਂ ਵੱਡੇ ਸੂਟਕੇਸਾਂ ਨਾਲ ਨਿੱਜੀ ਜਹਾਜ਼ ਰਾਹੀਂ ਰਵਾਨਾ ਹੋਏ ਤਾਂ ਇਹੀ ਮੰਨਿਆ ਗਿਆ ਸੀ ਕਿ ਸ਼ਾਇਦ ਹੀ ਪਰਤਨ। ਪੈਨ ਅਫਰੀਕੀ ਇਨਵੈਸਟਮੈਂਟ ਅਤੇ ਰਿਸਰਚ ਦੇ ਪ੍ਰਮੁੱਖ ਇਰਾਜ ਅਬੇਦਿਆਨ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਗੁਪਤਾ ਦੀ ਹਵਾਲਗੀ ਜਾਂ ਉਨ੍ਹਾਂ ਤੋਂ ਪੈਸੇ ਦੀ ਵਸੂਲੀ ਹੋਵੇ। ਪਰ ਦੋਵੇਂ ਹੀ ਕੰਮ ਮੁਸ਼ਕਲ ਹਨ। ਮੁਕੱਦਮਿਆਂ ਵਿਚ ਸਮਾਂ ਲੱਗਦਾ ਹੈ ਅਤੇ ਜਦੋਂ ਰਾਜਨੀਤੀ ਨਾਲ ਜੁੜੇ ਮਾਮਲੇ ਹੋਣ ਤਾਂ ਦੇਰ ਹੋਣੀ ਤੈਅ ਹੈ।