ਦੁਬਈ ''ਚ ਪਤਨੀ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਉਮਰਕੈਦ

07/26/2020 10:45:45 PM

ਦੁਬਈ (ਭਾਸ਼ਾ): ਬੇਵਫਾਈ ਦੇ ਸ਼ੱਕ ਵਿਚ ਇਥੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਇਕ ਭਾਰਤੀ ਵਿਅਕਤੀ ਨੂੰ ਉਮਰਕੈਦ ਦੀ ਸਜ਼ਾ ਸੁਣਵਾਈ ਗਈ ਹੈ। ਮੀਡੀਆ ਵਿਚ ਐਤਵਾਰ ਨੂੰ ਆਈ ਖਬਰ ਵਿਚ ਇਹ ਕਿਹਾ ਗਿਆ ਹੈ। ਖਬਰ ਮੁਤਾਬਕ ਪਿਛਲੇ ਸਾਲ 9 ਸਤੰਬਰ ਨੂੰ ਯੁਗੇਸ਼ ਸੀ.ਐੱਸ. (44) ਨੇ ਆਪਣੀ ਪਤਨੀ ਵਿਦਿਆ ਚੰਦਰਨ (44) ਦਾ ਉਸ ਦੇ ਦਫਤਰ ਦੀ ਪਾਰਕਿੰਗ ਵਿਚ ਦਿਨ-ਦਿਹਾੜੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ ਦੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਸੀ।

ਗਲਫ ਨਿਊਜ਼ ਦੀ ਖਬਰ ਮੁਤਾਬਕ ਕੇਰਲ ਨਾਲ ਸਬੰਧ ਰੱਖਣ ਵਾਲੀ ਵਿਦਿਆ ਉਸ ਰਾਤ ਓਣਮ ਮਨਾਉਣ ਦੇ ਲਈ ਬੱਚਿਆਂ ਦੇ ਨਾਲ ਭਾਰਤ ਰਵਾਨਾ ਹੋਣ ਵਾਲੀ ਸੀ। ਅਖਬਾਰ ਮੁਤਾਬਕ ਵਿਦਿਆ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦਾ ਪਤੀ ਕਈ ਸਾਲ ਤੋਂ ਉਸ ਦਾ ਸ਼ੋਸ਼ਣ ਕਰ ਰਿਹਾ ਸੀ। ਯੁਗੇਸ਼ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਸਬੰਧ ਹਨ। ਅਧਿਕਾਰਿਤ ਰਿਕਾਰਡ ਮੁਤਾਬਕ ਮ੍ਰਿਤਕਾ ਦੇ ਮੈਨੇਜਰ ਨੇ ਗਵਾਹੀ ਵਿਚ ਕਿਹਾ ਕਿ ਉਸ ਨੇ ਕਈ ਵਾਰ ਵਿਦਿਆ ਨੂੰ ਫੋਨ ਕੀਤਾ, ਪਰ ਵਿਦਿਆ ਨੇ ਕੋਈ ਜਵਾਨ ਨਹੀਂ ਦਿੱਤਾ। ਫਿਰ ਉਨ੍ਹਾਂ ਨੇ ਇਕ ਕਰਮਚਾਰੀ ਨੂੰ ਵਿਦਿਆ ਦੇ ਬਾਰੇ ਪਤਾ ਲਾਉਣ ਲਈ ਕਿਹਾ। ਭਾਰਤੀ ਮੈਨੇਜਰ ਨੇ ਕਿਹਾ ਕਿ ਮੈਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਉਹ ਲਹੂ-ਲੁਹਾਨ ਪਈ ਸੀ। ਉਨ੍ਹਾਂ ਨੂੰ ਚਾਕੂ ਮਾਰਿਆ ਗਿਆ ਸੀ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਉਸ ਨੂੰ ਦੇਖਿਆ ਉਦੋਂ ਤੱਕ ਉਹ ਮਰ ਚੁੱਕੀ ਸੀ। ਪੁਲਸ ਨੇ ਉਸੇ ਦਿਨ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ।

Baljit Singh

This news is Content Editor Baljit Singh