ਆਸਟ੍ਰੇਲੀਆ ''ਚ ਸੜਕ ਹਾਦਸੇ ਨੇ ਖੋਹਿਆ ਇਕ ਹੋਰ ਪੰਜਾਬੀ, ਸੰਗਰੂਰ ਦੇ ਨੌਜਵਾਨ ਦੀ ਮੌਤ

12/06/2017 12:01:20 PM

ਬ੍ਰਿਸਬੇਨ/ਸੰਗਰੂਰ (ਏਜੰਸੀ)— ਆਏ ਦਿਨ ਵਿਦੇਸ਼ਾਂ 'ਚ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਦਾ ਸ਼ਿਕਾਰ ਕਈ ਪੰਜਾਬੀ ਨੌਜਵਾਨ ਬਣ ਰਹੇ ਹਨ। ਅੱਖਾਂ 'ਚ ਵੱਡੇ ਸੁਪਨੇ ਲੈ ਕੇ ਵਿਦੇਸ਼ਾਂ ਨੂੰ ਗਏ ਨੌਜਵਾਨਾਂ ਨਾਲ ਜਦੋਂ ਅਜਿਹੀ ਅਣਹੋਣੀ ਵਾਪਰਦੀ ਹੈ ਤਾਂ ਪੰਜਾਬ ਬੈਠੇ ਮਾਪੇ ਜਿਊਂਦੇ ਜੀਅ ਮਰ ਜਾਂਦੇ ਹਨ। ਆਸਟ੍ਰੇਲੀਆ ਤੋਂ ਇਕ ਅਜਿਹੀ ਹੀ ਦੁਖਦਾਈ ਖਬਰ ਮਿਲੀ ਹੈ। ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਸੰਗਰੂਰ ਦਾ ਰਹਿਣ ਵਾਲਾ 32 ਸਾਲਾ ਪਰਮਿੰਦਰ ਸਿੰਘ ਊਰਫ਼ ਰਿੰਕੂ ਦੀ ਮੌਤ ਹੋ ਗਈ, ਉਹ ਇੱਥੇ ਟਰੱਕ ਡਰਾਈਵਰ ਸੀ। 
ਬੀਤੇ ਸ਼ਨੀਵਾਰ ਨੂੰ ਉਹ ਆਪਣਾ ਟਰੱਕ ਲੈ ਕੇ ਬ੍ਰਿਸਬੇਨ ਤੋਂ ਮੈਲਬੌਰਨ ਜਾ ਰਿਹਾ ਸੀ ਕਿ ਰਸਤੇ 'ਚ ਤੇਜ਼ ਹਨੇਰੀ ਝੱਖੜ ਅਤੇ ਮੀਂਹ ਆ ਗਿਆ। ਰਸਤੇ 'ਚ ਢਲਾਣਾਂ ਹੋਣ ਕਾਰਨ ਉਸ ਦਾ ਟਰੱਕ ਤਿਲਕ ਕੇ ਡੂੰਘੀ ਖੱਡ ਵਿਚ ਜਾ ਡਿੱਗਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਮਿੰਦਰ ਦੇ ਦੋਸਤਾਂ ਨੇ ਉਸ ਦੇ ਪਰਿਵਾਰ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ।
ਇੱਥੇ ਦੱਸ ਦੇਈਏ ਕਿ ਪਰਮਿੰਦਰ 2008 'ਚ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ ਅਤੇ 2013 'ਚ ਉਸ ਨੂੰ ਸਥਾਈ ਨਿਵਾਸ (ਪੀ. ਆਰ.) ਮਿਲ ਗਈ ਸੀ। ਹੁਣ ਉਹ ਪੱਕੇ ਤੌਰ 'ਤੇ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਰਹਿ ਰਿਹਾ ਸੀ। ਓਧਰ ਸੰਗਰੂਰ 'ਚ ਰਹਿੰਦੇ ਉਸ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਛੇਤੀ ਭਾਰਤ ਲਿਆਉਣ ਦੀ ਕਾਰਵਾਈ ਤੇਜ਼ ਕੀਤੀ ਜਾਵੇ। 
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਫਰੀਦਕੋਟ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਜਤਿੰਦਰ ਸਿੰਘ ਦੀ ਮੌਤ ਹੋ ਗਈ ਸੀ। ਉਹ ਇੱਥੇ ਟਰੈਕਟਰ ਓਪਰੇਟਰ ਸੀ ਅਤੇ ਹਾਦਸੇ 'ਚ ਉਸ ਦੀ ਮੌਤ ਹੋ ਗਈ।