ਆਸਟ੍ਰੇਲੀਆ ''ਚ ਹਿੱਟ ਐਂਡ ਰਨ ਮਾਮਲੇ ''ਚ ਭਾਰਤੀ ਵਿਦਿਆਰਥੀ ਨੂੰ ਮਿਲੀ ਜ਼ਮਾਨਤ

05/20/2023 12:30:23 PM

ਮੈਲਬੌਰਨ (ਏਜੰਸੀ) : ਆਸਟ੍ਰੇਲੀਆ ਦੀ ਇਕ ਅਦਾਲਤ ਨੇ ਇਕ 18 ਸਾਲਾ ਭਾਰਤੀ ਵਿਦਿਆਰਥੀ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਸ ਨੇ ਸਿਡਨੀ ਵਿਚ ਕਥਿਤ ਤੌਰ 'ਤੇ 3 ਸਕੂਲੀ ਬੱਚਿਆਂ ਨੂੰ ਇਕ ਕਰਾਸਿੰਗ 'ਤੇ ਟੱਕਰ ਮਾਰ ਦਿੱਤੀ ਸੀ ਅਤੇ ਹਾਦਸੇ ਵਾਲੀ ਥਾਂ ਤੋਂ ਭੱਜ ਗਿਆ ਸੀ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਦਿ ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ ਇਸ ਸਾਲ ਦੇ ਸ਼ੁਰੂ ਵਿੱਚ ਸਿਡਨੀ ਪਹੁੰਚੇ ਵੰਸ਼ ਖੰਨਾ ਨੂੰ ਵੀਰਵਾਰ ਸ਼ਾਮ ਨੂੰ ਲੇਨ ਕੋਵ ਵਿੱਚ ਫੌਕਸ ਸਟ੍ਰੀਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਚੈਟਸਵੁੱਡ ਪੁਲਸ ਸਟੇਸ਼ਨ ਲਿਜਾਇਆ ਗਿਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਮੈਨਲੀ ਸਥਾਨਕ ਅਦਾਲਤ ਤੋਂ ਇਸ ਸ਼ਰਤ 'ਤੇ ਜ਼ਮਾਨਤ ਦਿੱਤੀ ਗਈ ਕਿ ਉਹ ਪੁਲਸ ਨੂੰ ਰਿਪੋਰਟ ਕਰੇਗਾ, ਕਾਰ ਨਹੀਂ ਚਲਾਏਗਾ ਅਤੇ ਆਪਣਾ ਪਾਸਪੋਰਟ ਸਰੰਡਰ ਕਰੇਗਾ।

ਐਮਰਜੈਂਸੀ ਸੇਵਾਵਾਂ ਵੀਰਵਾਰ ਨੂੰ ਉਦੋਂ ਤੁਰੰਤ ਘਟਾਨ ਸਥਾਨ ਪੁੱਜੀਆਂ, ਜਦੋਂ 12 ਅਤੇ 13 ਸਾਲ ਦੀ ਉਮਰ ਦੇ 3 ਬੱਚਿਆਂ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ, ਕਿਉਂਕਿ ਉਹ ਕਥਿਤ ਤੌਰ 'ਤੇ ਗਰੀਨ ਸਿਗਨਲ ਪਾਰ ਕਰ ਰਹੇ ਸਨ। ਬੱਚਿਆਂ ਦਾ ਨਿਊ ਸਾਊਥ ਵੇਲਜ਼ (NSW) ਦੇ ਪੈਰਾਮੈਡਿਕਸ ਵੱਲੋਂ ਇਲਾਜ ਕੀਤਾ ਗਿਆ ਅਤੇ ਬਾਅਦ ਵਿੱਚ ਪੈਰ ਅਤੇ ਸਿਰ 'ਤੇ ਗੰਭੀਰ ਪਰ ਗੈਰ ਜਾਨਲੇਵਾ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। NSW ਪੁਲਸ ਦੇ ਇੱਕ ਬਿਆਨ ਦੱਸਿਆ ਗਿਆ ਹੈ ਕਿ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਹਾਦਸੇ ਤੋਂ ਬਾਅਦ ਖੰਨਾ ਮੌਕੇ ਤੋਂ ਫਰਾਰ ਹੋ ਗਿਆ ਸੀ। ਖੰਨਾ 'ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਸਬੰਧ ਵਿਚ 7 ਦੋਸ਼ ਲਗਾਏ ਗਏ ਸਨ। ਮਕੈਨੀਕਲ ਅਤੇ ਫੋਰੈਂਸਿਕ ਜਾਂਚ ਲਈ ਉਸਦੀ ਹੌਂਡਾ ਅਕਾਰਡ ਜ਼ਬਤ ਕਰ ਲਈ ਗਈ ਹੈ ਅਤੇ ਪੁਲਸ ਨੇ ਉਸ ਨੂੰ ਲਾਇਸੈਂਸ ਮੁਅੱਤਲ ਕਰਨ ਦਾ ਨੋਟਿਸ ਵੀ ਜਾਰੀ ਕੀਤਾ ਹੈ। ਖੰਨਾ 8 ਜੂਨ ਨੂੰ ਅਦਾਲਤ ਵਿਚ ਪੇਸ਼ ਹੋਵੇਗਾ।

cherry

This news is Content Editor cherry