ਆਸਟ੍ਰੇਲੀਆ ''ਚ ਸੈਲਫੀ ਬਣੀ ਮੌਤ ਦਾ ਕਾਰਨ, ਮ੍ਰਿਤਕ ਭਾਰਤੀ ਵਿਦਿਆਰਥੀ ਦੀ ਹੋਈ ਪਛਾਣ

05/22/2018 12:13:51 PM

ਪਰਥ— ਪੱਛਮੀ ਆਸਟ੍ਰੇਲੀਆ 'ਚ ਬੀਤੇ ਵੀਰਵਾਰ ਨੂੰ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਦੀ ਮੌਤ ਦਾ ਕਾਰਨ ਸੈਲਫੀ ਬਣੀ। ਮੌਤ ਦੇ ਮੂੰਹ 'ਚ ਗਏ ਭਾਰਤੀ ਵਿਦਿਆਰਥੀ ਦਾ ਨਾਂ ਅੰਕਿਤ ਸੀ, ਜੋ ਕਿ ਅਜੇ ਸਿਰਫ 20 ਸਾਲ ਦਾ ਸੀ। ਅੰਕਿਤ ਨੂੰ ਆਸਟ੍ਰੇਲੀਆ ਆਏ ਅਜੇ ਕੁਝ ਮਹੀਨੇ ਹੋਏ ਸਨ। ਉਹ ਆਪਣੇ ਦੋਸਤਾਂ ਨਾਲ ਇੱਥੇ ਰਹਿ ਰਿਹਾ ਸੀ। ਉਹ ਇਕ ਹੀ ਕਾਲਜ 'ਚ ਪੜ੍ਹਾਈ ਕਰਦੇ ਸਨ। ਅੰਕਿਤ ਦੇ ਇਕ ਦੋਸਤ ਸਾਹਿਲ ਸਿੰਘ ਨੇ ਦੱਸਿਆ ਕਿ ਉਹ ਬਹੁਤ ਹੀ ਚੰਗਾ ਇਨਸਾਨ ਸੀ। ਉਸ ਨੇ ਦੱਸਿਆ ਕਿ ਅੰਕਿਤ ਮੂਲ ਰੂਪ ਤੋਂ ਹਰਿਆਣੇ ਦਾ ਰਹਿਣ ਵਾਲਾ ਸੀ। 


ਪਰਥ 'ਚ ਰਹਿੰਦੇ ਭਾਰਤੀ ਭਾਈਚਾਰੇ 'ਚ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਹੈ। ਉਨ੍ਹਾਂ ਸੈਲਾਨੀਆਂ ਖਾਸ ਕਰ ਕੇ ਕੌਮਾਂਤਰੀ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਬੀਚ, ਸਮੁੰਦਰੀ ਕੰਢਿਆਂ 'ਤੇ ਘੁੰਮਣ-ਫਿਰਨ ਜਾਣ ਪਰ ਸਾਵਧਾਨ ਰਹਿਣ। ਇਸ ਭਿਆਨਕ ਤ੍ਰਾਸਦੀ ਕਾਰਨ ਉਸ ਦੇ ਪਰਿਵਾਰ ਨੂੰ ਡੂੰਘਾ ਦੁੱਖ ਲੱਗਾ ਹੈ। ਓਧਰ ਪੱਛਮੀ ਆਸਟ੍ਰੇਲੀਆ 'ਚ ਰਹਿੰਦਾ ਭਾਰਤੀ ਭਾਈਚਾਰਾ ਭਾਰਤ 'ਚ ਰਹਿੰਦੇ ਉਸ ਦੇ ਪਰਿਵਾਰ ਦੀ ਮਦਦ ਲਈ ਫੰਡ ਇਕੱਠਾ ਕਰ ਰਿਹਾ ਹੈ। ਪੱਛਮੀ ਆਸਟ੍ਰੇਲੀਆ 'ਚ ਇੰਡੀਅਨ ਸੁਸਾਇਟੀ ਦੇ ਸੂਰਈਆ ਅੰਬੈਤੀ ਨੇ ਦੱਸਿਆ ਕਿ ਅੰਕਿਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਉਸ ਦੇ ਪਿਤਾ ਖੇਤੀਬਾੜੀ ਕਰਦੇ ਹਨ ਅਤੇ ਉਨ੍ਹਾਂ ਨੇ ਬੈਂਕ ਤੋਂ ਲੋਨ ਲੈ ਕੇ ਉਸ ਨੂੰ ਆਸਟ੍ਰੇਲੀਆ ਪੜ੍ਹਨ ਲਈ ਭੇਜਿਆ ਸੀ। ਪਰਥ ਵਿਚ ਸਥਿਤ ਭਾਰਤੀ ਕੌਂਸਲ ਜਨਰਲ ਅਮਿਤ ਕੁਮਾਰ ਮਿਸ਼ਰਾ ਨੇ ਕਿਹਾ ਕਿ ਕੌਂਸਲੇਟ ਅੰਕਿਤ ਦੇ ਪਰਿਵਾਰ ਨਾਲ ਸੰਪਰਕ ਵਿਚ ਹੈ ਅਤੇ ਛੇਤੀ ਹੀ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਅੰਕਿਤ ਆਪਣੇ ਨਾਲ ਰਹਿੰਦੇ ਦੋਸਤਾਂ ਨਾਲ ਪੱਛਮੀ ਆਸਟ੍ਰੇਲੀਆ ਦੇ ਸੈਰ-ਸਪਾਟੇ ਵਾਲੇ ਸਥਾਨ 'ਦਿ ਗੈਪ' ਐਲਬਨੀ ਵਿਖੇ ਗਿਆ ਸੀ। ਇੱਥੇ ਉਹ ਚੱਟਾਨਾਂ 'ਤੇ ਖੜ੍ਹਾ ਹੋ ਕੇ ਸੈਲਫੀ ਲੈ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਸਮੁੰਦਰ ਵਿਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।