ਯੂ. ਏ. ਈ. ''ਚ ਭਾਰਤੀ ਵਿਦਿਆਰਥੀਆਂ ਨੇ ਬਣਾਇਆ ਵਰਲਡ ਰਿਕਾਰਡ (ਵੀਡੀਓ)

11/15/2017 11:14:39 AM

ਦੁਬਈ (ਬਿਊਰੋ)— ਸੰਯਕੁਤ ਅਰਬ ਅਮੀਰਾਤ ਵਿਚ ਸ਼ਾਰਜਾਹ ਸ਼ਹਿਰ ਦੇ ਇਕ ਭਾਰਤੀ ਸਕੂਲ ਦਾ ਨਾਂ ਮੰਗਲਵਾਰ ਨੂੰ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ। ਇਸ ਸਕੂਲ ਦੇ ਕਰੀਬ 5,000 ਵਿਦਿਆਰਥੀਆਂ ਨੇ ਕਿਸ਼ਤੀ ਦਾ ਮਨੁੱਖੀ ਅਕਸ ਬਣਾ ਕੇ ਬਾਲ ਦਿਵਸ ਅਤੇ ਯੂ. ਏ. ਈ. ਦੇ ਰਾਸ਼ਟਰੀ ਦਿਵਸ ਨੂੰ ਮਨਾਇਆ। ਇਕ ਸਮਾਚਾਰ ਏਜੰਸੀ ਮੁਤਾਬਕ ਪੇਸ ਐਜੁਕੇਸ਼ਨ ਗਰੁੱਪ ਦੇ ਇੰਡੀਆ ਇੰਟਰਨੈਸ਼ਨਲ ਸਕੂਲ ਦੇ ਕੁੱਲ 4,882 ਵਿਦਿਆਰਥੀਆਂ ਨੇ ਇਸ ਕਾਰਜਕ੍ਰਮ ਵਿਚ ਹਿੱਸਾ ਲਿਆ। ਉਨ੍ਹਾਂ ਨੇ  ਯੂ. ਏ. ਈ. ਦੇ ਰਾਸ਼ਟਰੀ ਝੰਡੇ ਦੇ ਰੰਗਾਂ ਵਾਲੇ ਕੱਪੜੇ ਪਾਏ ਸਨ। ਸਕੂਲ ਪ੍ਰਬੰਧਨ ਨੇ ਕਿਹਾ ਕਿ ਇਹ ਕਾਰਜਕ੍ਰਮ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜਯੰਤੀ ਦੇ ਮੌਕੇ 'ਤੇ ਕੀਤਾ ਗਿਆ। ਉਨ੍ਹਾਂ ਦੀ ਜਯੰਤੀ ਬਾਲ ਦਿਵਸ ਦੇ ਰੂਪ ਵਿਚ ਮਨਾਈ ਜਾਂਦੀ ਹੈ। 
ਸਕੂਲ ਦੀ ਪ੍ਰਿੰਸੀਪਲ ਮੰਜੂ ਰੇਜੀ ਨੇ ਕਿਹਾ,''ਇਹ ਸਾਡੇ ਵਿਦਿਆਰਥੀਆਂ ਦੀ ਵੱਡੀ ਉਪਲਬਧੀ ਹੈ। ਉਨ੍ਹਾਂ ਦਾ ਜੀਵਨ ਸਾਗਰ ਵਿਚ ਵਗੱਦੀ ਕਿਸ਼ਤੀ ਦੀ ਤਰ੍ਹਾਂ ਹੈ ਅਤੇ ਕਿਸ਼ਤੀ ਯੂ. ਏ. ਈ. ਦੀ ਵਿਰਾਸਤ ਦਾ ਪ੍ਰਤੀਕ ਵੀ ਹੈ। ਇਸ ਲਈ ਅਸੀਂ ਪ੍ਰਤੀਕਆਤਮਕ ਅਕਸ ਬਣਾਉਣ ਲਈ ਕਿਸ਼ਤੀ ਦੀ ਚੋਣ ਕੀਤੀ।'' ਪ੍ਰਤੀਕਆਤਮਕ ਅਕਸ ਬਣਾਉਣ ਵਿਚ ਸ਼ਾਮਿਲ ਹੋਏ ਪਹਿਲੀ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਗਿਨੀਜ਼ ਵਰਲਡ ਰਿਕਾਰਡ ਵੱਲੋਂ  ਸਰਟੀਫਿਕੇਟ ਮਿਲੇਗਾ। ਗਿਨੀਜ਼ ਦੇ ਅਧਿਕਾਰੀ ਅਹਿਮਦ ਗੇਬਰ ਨੇ 4,882 ਵਿਦਿਆਰਥੀਆਂ ਵੱਲੋਂ ਸਭ ਤੋਂ ਵੱਡਾ ਮਨੁੱਖੀ ਅਕਸ ਬਣਾਉਣ ਦੇ ਵਿਸ਼ਵ ਰਿਕਾਰਡ ਦਾ ਐਲਾਨ ਕੀਤਾ।