ਇੰਗਲੈਂਡ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਿਲੇਗਾ ਗਾਈਡ ਘੋੜਾ

10/14/2018 3:16:49 PM

ਲੰਡਨ— ਪੱਛਮੀ-ਉੱਤਰੀ ਇੰਗਲੈਂਡ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਘੱਟ ਨਜ਼ਰ ਵਾਲੇ ਵਿਅਕਤੀ ਨੂੰ ਰੋਜ਼ਾਨਾ ਦੀਆਂ ਕੁੱਝ ਜ਼ਰੂਰਤਾਂ 'ਚ ਮਦਦ ਲਈ ਇਕ ਘੋੜਾ ਦਿੱਤਾ ਜਾਵੇਗਾ। ਉਹ ਅੱਖਾਂ ਦੀ ਬੀਮਾਰੀ ਕਾਰਨ ਪੀੜਤ ਹਨ। ਇਸ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਘੱਟ ਹੁੰਦੀ ਜਾਵੇਗੀ ਅਤੇ ਅਖੀਰ ਉਨ੍ਹਾਂ ਨੂੰ ਦਿਖਾਈ ਦੇਣਾ ਬਿਲਕੁਲ ਬੰਦ ਹੋ ਜਾਵੇਗਾ। ਲਿਹਾਜਾ ਦੇਸ਼ 'ਚ ਉਹ ਅਜਿਹੇ ਪਹਿਲੇ ਦ੍ਰਿਸ਼ਟੀਹੀਣ ਹੋਣਗੇ, ਜਿਨ੍ਹਾਂ ਨੂੰ ਸਹਾਇਤਾ ਪਸ਼ੂ ਦੇ ਰੂਪ 'ਚ ਘੋੜਾ ਦਿੱਤਾ ਜਾਵੇਗਾ। ਲੰਕਾਸ਼ਾਇਰ ਦੇ ਬਲੈਕਬਰਨ 'ਚ ਰਹਿਣ ਵਾਲੇ ਪੱਤਰਕਾਰ ਮੁਹੰਮਦ ਸਲੀਮ ਪਟੇਲ ਰੇਟੀਨਾਇਟਸ ਪਿਗਮੈਂਟੋਸਾ ਤੋਂ ਪੀੜਤ ਹਨ। ਇਸ ਸਥਿਤੀ ਕਾਰਨ ਉਨ੍ਹਾਂ ਦੀ ਖੱਬੀ ਅੱਖ 'ਚ ਬਹੁਤ ਘੱਟ ਨਜ਼ਰ ਬਚੀ ਹੈ ਅਤੇ ਅਖੀਰ ਉਹ ਪੂਰੀ ਤਰ੍ਹਾਂ ਨਾਲ ਦ੍ਰਿਸ਼ਟੀਹੀਣ ਹੋ ਜਾਣਗੇ।


ਬਚਪਨ 'ਚ ਵਾਪਰੇ ਇਕ ਹਾਦਸੇ ਕਾਰਨ 24 ਸਾਲਾ ਪਟੇਲ ਕੁੱਤਿਆਂ ਤੋਂ ਕਾਫੀ ਡਰਦੇ ਹਨ। ਇਸੇ ਕਾਰਨ ਇਕ ਗਾਈਡ ਘੋੜਾ ਲੈਣ ਦਾ ਉਨ੍ਹਾਂ ਨੂੰ ਵਿਚਾਰ ਆਇਆ। ਪਟੇਲ ਨੇ ਦੱਸਿਆ,''ਡਿਗਬੀ (ਸਹਾਇਕ ਘੋੜਾ) ਅਜੇ ਬੱਚਾ ਹੈ ਅਤੇ ਮਈ 2019 'ਚ ਉਹ ਦੋ ਸਾਲ ਦਾ ਹੋ ਜਾਵੇਗਾ। ਉਸ ਦੇ ਪ੍ਰੀਖਣ 'ਚ ਅਜੇ ਦੋ ਸਾਲ ਦਾ ਸਮਾਂ ਹੋਰ ਲੱਗੇਗਾ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਜਿਵੇਂ ਹੀ ਉਸ ਦੀ ਸਿਖਲਾਈ ਪੂਰੀ ਹੋ ਜਾਵੇਗੀ ਮੈਂ ਉਸ ਨੂੰ ਬਲੈਕਬਰਨ ਸਥਿਤ ਆਪਣੇ ਘਰ ਲੈ ਜਾਵਾਂਗਾ। ਉਨ੍ਹਾਂ ਨੇ ਕਿਹਾ ਕਿ ਇਸ 'ਚ ਕੋਈ ਜਲਦਬਾਜ਼ੀ ਨਹੀਂ ਹੈ। ਡਿਗਬੀ 40 ਸਾਲ ਦੀ ਉਮਰ ਤਕ ਕੰਮ ਕਰ ਸਕੇਗਾ ਜਦਕਿ ਇਕ ਗਾਈਡ ਡਾਗ ਅੱਠ ਸਾਲ ਦੀ ਉਮਰ 'ਚ ਹੀ ਰਿਟਾਇਰ ਹੋ ਜਾਂਦਾ ਹੈ।'' 
ਡਿਗਬੀ ਦੀ ਕਹਾਣੀ ਸਲਾਨਾ ਏ ਫਲੀਫਾਨ ਅਵਾਰਡਸ ਫਾਰ ਬ੍ਰੇਵ ਬ੍ਰਿਟੰਸ ਦੇ ਦੌਰਾਨ ਸੁਰਖੀਆਂ 'ਚ ਆਈ ਸੀ। ਡਿਗਬੀ ਇਸ ਪੁਰਸਕਾਰ ਤਹਿਤ ਹੀਰੋ ਪੇਟ ਵਰਗ 'ਚ ਚੁਣੇ ਗਏ ਆਖਰੀ ਉਮੀਦਵਾਰਾਂ 'ਚ ਸ਼ੁਮਾਰ ਸੀ। ਇਸ ਪੁਰਸਕਾਰ ਦਾ ਮਕਸਦ ਉਨ੍ਹਾਂ ਪਸ਼ੂਆਂ ਨੂੰ ਸਨਮਾਨਿਤ ਕਰਨਾ ਹੈ ਜੋ ਆਪਣੇ ਮਾਲਕ ਦੇ ਜੀਵਨ 'ਚ ਬਦਲਾਅ ਲਿਆਂਦੇ ਹਨ।