ਭਾਰਤੀ ਮੂਲ ਦੇ ਲਿਓ ਵਰਾਡਕਰ ਦੂਜੇ ਵਾਰ ਬਣੇ ਆਇਰਲੈਂਡ ਦੇ ਪ੍ਰਧਾਨ ਮੰਤਰੀ

12/18/2022 10:10:33 AM

ਲੰਡਨ (ਵਾਰਤਾ): ਆਇਰਲੈਂਡ 'ਚ ਭਾਰਤੀ ਮੂਲ ਦੇ ਲਿਓ ਵਰਾਡਕਰ ਸ਼ਨੀਵਾਰ ਨੂੰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਆਇਰਲੈਂਡ ਦੀ ਸੰਸਦ ਦੇ ਹੇਠਲੇ ਸਦਨ ਡੇਲ ਦੇ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੇ ਮਾਈਕਲ ਮਾਰਟਿਨ ਦੀ ਥਾਂ ਲੈਣ ਲਈ ਵਰਾਡਕਰ ਦੇ ਨਾਮ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੀ। ਸ਼ਨੀਵਾਰ ਨੂੰ ਹੋਈ ਵੋਟਿੰਗ 'ਚ ਸਦਨ ਦੇ ਕੁੱਲ 87 ਮੈਂਬਰਾਂ ਨੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ 'ਚ ਉਨ੍ਹਾਂ ਦੀ ਨਾਮਜ਼ਦਗੀ ਦੇ ਪੱਖ 'ਚ ਵੋਟਿੰਗ ਕੀਤੀ, ਜਦਕਿ 62 ਨੇ ਵਿਰੋਧ 'ਚ ਵੋਟ ਦਿੱਤਾ।ਵਰਾਡਕਰ ਦੀ ਨਿਯੁਕਤੀ ਦੀ ਪੁਸ਼ਟੀ ਆਇਰਲੈਂਡ ਦੇ ਰਾਜ ਦੇ ਪ੍ਰਧਾਨ ਮਾਈਕਲ ਡੀ ਹਿਗਿੰਸ ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ ਕੀਤੀ ਗਈ ਸੀ।

ਸਾਲ 2020 'ਚ ਆਇਰਲੈਂਡ 'ਚ ਆਮ ਚੋਣਾਂ ਹੋਈਆਂ ਸਨ, ਜਿਸ ਤੋਂ ਬਾਅਦ ਮਾਰਟੀਨ ਆਪਣੀ ਪਾਰਟੀ 'ਫਿਏਨਾ ਫੇਲ' ਅਤੇ ਵਰਾਡਕਰ ਦੀ ਪਾਰਟੀ 'ਫਿਨ ਗੇਲ' ਵਿਚਾਲੇ ਇਤਿਹਾਸਕ ਸਮਝੌਤੇ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਪੰਜ ਸਾਲ ਦੇ ਕਾਰਜਕਾਲ ਦੇ ਪਹਿਲੇ ਢਾਈ ਸਾਲਾਂ ਲਈ ਮਾਰਟੀਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਰਾਡਕਰ ਉਪ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੀ ਥਾਂ ਲੈਣਗੇ।

ਪੜ੍ਹੋ ਇਹ ਅਹਿਮ ਖ਼ਬਰ-ਯੂਕੇ 'ਚ ਭਾਰਤੀ ਮੂਲ ਦੀ ਨਰਸ ਅਤੇ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ, ਕਤਲ ਦੀ ਜਾਂਚ ਸ਼ੁਰੂ 

61 ਸਾਲਾ ਮਾਰਟੀਨ ਨੇ ਸ਼ਨੀਵਾਰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ। 43 ਸਾਲਾ ਵਰਾਡਕਰ ਇਸ ਤੋਂ ਪਹਿਲਾਂ 2017 ਤੋਂ 2020 ਦਰਮਿਆਨ ਆਇਰਲੈਂਡ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਹ ਦੇਸ਼ ਦੇ ਸਭ ਤੋਂ ਨੌਜਵਾਨ ਅਤੇ 'ਗੇ' ਪ੍ਰਧਾਨ ਮੰਤਰੀ ਬਣੇ ਸਨ। ਵਰਾਡਕਰ ਦੀ ਮਾਂ ਆਇਰਲੈਂਡ ਤੋਂ ਹੈ, ਜਦੋਂ ਕਿ ਉਸਦੇ ਪਿਤਾ ਭਾਰਤ ਤੋਂ ਹਨ। ਉਹ ਆਇਰਲੈਂਡ ਦੇ ਪਹਿਲੇ ਗੈਰ ਗੋਰੇ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ। ਲਿਓ ਵਰਾਡਕਰ ਦੇ ਪਿਤਾ ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ ਵਿੱਚ ਕੰਮ ਕਰਦੇ ਸਨ। ਉਹ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਪਿੰਡ ਵਰਦ ਦਾ ਰਹਿਣ ਵਾਲਾ ਸੀ। ਉਸਦਾ ਪਰਿਵਾਰ 1960 ਦੇ ਦਹਾਕੇ ਵਿੱਚ ਆਇਰਲੈਂਡ ਵਿੱਚ ਵਸ ਗਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਤਰੀਕੇ ਨਾਲ ਦਿੱਤੀ ਵਧਾਈ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਲਿਓ ਵਰਾਡਕਰ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ। ਮੈਂ ਆਇਰਲੈਂਡ ਨਾਲ ਇਤਿਹਾਸਕ ਸਬੰਧਾਂ, ਸਾਂਝੇ ਸੰਵਿਧਾਨਕ ਮੁੱਲਾਂ ਅਤੇ ਬਹੁਪੱਖੀ ਸਹਿਯੋਗ ਦੀ ਬਹੁਤ ਕਦਰ ਕਰਦਾ ਹਾਂ। ਮੈਂ ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਹੋਰ ਅਮੀਰ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।

ਆਇਰਿਸ਼ ਰਾਸ਼ਟਰਪਤੀ ਮਾਈਕਲ ਡੀ. ਹਿਗਿੰਸ ਦੁਆਰਾ ਨਵੇਂ ਪ੍ਰਧਾਨ ਮੰਤਰੀ ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਵਰਾਡਕਰ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਦਾ ਐਲਾਨ ਕੀਤਾ। ਕੈਬਨਿਟ ਮੈਂਬਰਾਂ ਦੀ ਸੂਚੀ ਦੇ ਅਨੁਸਾਰ ਸਾਬਕਾ ਆਇਰਿਸ਼ ਪ੍ਰਧਾਨ ਮੰਤਰੀ ਅਤੇ ਫਿਏਨਾ ਫੇਲ ਨੇਤਾ ਮਾਈਕਲ ਮਾਰਨਸ ਨਵੇਂ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਅਤੇ ਰੱਖਿਆ ਮੰਤਰੀ ਹੋਣਗੇ, ਜਦੋਂ ਕਿ ਸਾਬਕਾ ਵਿਦੇਸ਼ ਮਾਮਲਿਆਂ ਅਤੇ ਰੱਖਿਆ ਮੰਤਰੀ ਸਾਈਮਨ ਕੋਵੇਨੀ ਉੱਦਮ, ਵਪਾਰ ਅਤੇ ਰੁਜ਼ਗਾਰ ਮੰਤਰੀ ਹੋਣਗੇ। ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਪਾਸਚਲ ਡੋਨੋਹੋਏ ਜਨਤਕ ਖਰਚ ਅਤੇ ਸੁਧਾਰ ਮੰਤਰੀ ਹੋਣਗੇ ਜਦਕਿ ਸਾਬਕਾ ਜਨਤਕ ਖਰਚ ਅਤੇ ਸੁਧਾਰ ਮੰਤਰੀ ਮਾਈਕਲ ਮੈਕਗ੍ਰਾ ਡੋਨੋਹੋ ਦੀ ਥਾਂ ਨਵੇਂ ਵਿੱਤ ਮੰਤਰੀ ਹੋਣਗੇ।

ਯੂਰਪ ਦੀ ਸੱਤਾ 'ਤੇ ਇਨ੍ਹਾਂ 3 ਭਾਰਤੀਆਂ ਦਾ ਰਾਜ

 -ਆਇਰਲੈਂਡ ਵਿੱਚ ਪ੍ਰਧਾਨ ਮੰਤਰੀ ਲਿਓ ਵਰਾਡਕਰ

-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ

-ਪੁਰਤਗਾਲ ਵਿੱਚ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ

ਦੁਨੀਆ ਭਰ ਵਿੱਚ ਭਾਰਤੀ ਮੂਲ ਦੇ ਸਰਕਾਰਾਂ ਦੇ ਮੁਖੀ

-ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ

-ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ

-ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ

-ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ

-ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ


ਭਾਰਤੀ ਮੂਲ ਦੇ ਰਾਜ ਦੇ ਮੁਖੀ

-ਮਾਰੀਸ਼ਸ ਦੇ ਰਾਸ਼ਟਰਪਤੀ: ਪ੍ਰਿਥਵੀਰਾਜ ਸਿੰਘ ਰੂਪਨ

-ਸਿੰਗਾਪੁਰ ਦੇ ਰਾਸ਼ਟਰਪਤੀ: ਹਲੀਮਾ ਯਾਕੂਬ

-ਸੂਰੀਨਾਮ ਦੇ ਪ੍ਰਧਾਨ: ਚੰਨ ਸੰਤੋਖੀ

-ਗਯਾਨਾ ਦੇ ਪ੍ਰਧਾਨ: ਡਾ: ਮੁਹੰਮਦ ਇਰਫਾਨ ਅਲੀ

-ਸੇਸ਼ੇਲਸ ਦੇ ਰਾਸ਼ਟਰਪਤੀ: ਵੇਵਲ ਰਾਮਕਲਾਵਨ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana