ਆਸਟ੍ਰੇਲੀਆ : ਕਾਰ ਹਾਦਸੇ ''ਚ ਪੰਜਾਬੀ ਦੀ ਮੌਤ, ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

06/20/2018 1:48:57 PM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਇਕ ਕਾਰ ਹਾਦਸੇ 'ਚ ਪੰਜਾਬੀ ਦੀ ਮੌਤ ਹੋ ਗਈ। ਇਹ ਹਾਦਸਾ ਇਸੇ ਮਹੀਨੇ ਵਿਕਟੋਰੀਆ ਦੇ ਸ਼ੈਪਪਾਰਟਨ 'ਚ ਵਾਪਰਿਆ ਸੀ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਢਿੱਲੋਂ ਵਜੋਂ ਹੋਈ ਹੈ, ਜੋ ਕਿ 29 ਸਾਲ ਦਾ ਸੀ। ਗੁਰਵਿੰਦਰ ਪੰਜਾਬ ਦੇ ਜ਼ਿਲਾ ਮੋਗਾ ਨਾਲ ਸੰਬੰਧਤ ਸੀ। ਦਰਅਸਲ ਗੁਰਵਿੰਦਰ ਦਾ ਆਪਣੀ ਕਾਰ 'ਤੇ ਕੰਟਰੋਲ ਨਾ ਰਿਹਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹਾਦਸੇ ਤੋਂ ਤੁਰੰਤ ਐਂਬੂਲੈਂਸ ਅਤੇ ਪੈਰਾ-ਮੈਡੀਕਲ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਗੰਭੀਰ ਜ਼ਖਮੀ ਗੁਰਵਿੰਦਰ ਨੂੰ ਏਅਰ ਐਂਬੂਲੈਂਸ ਜ਼ਰੀਏ ਮੈਲਬੌਰਨ ਦੇ ਹਸਪਤਾਲ ਲਿਜਾਇਆ ਗਿਆ ਸੀ। ਹਾਦਸੇ 'ਚ ਗੁਰਵਿੰਦਰ ਦੇ ਸਰੀਰ ਦਾ ਉੱਪਰੀ ਹਿੱਸਾ ਗੰਭੀਰ ਜ਼ਖਮੀ ਹੋ ਗਿਆ ਸੀ। ਹਸਪਤਾਲ 'ਚ ਗੁਰਵਿੰਦਰ ਦਾ ਇਲਾਜ ਚੱਲਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।
ਬੀਤੇ ਦਿਨੀਂ ਗੁਰਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਗਿਆ ਅਤੇ ਪਰਿਵਾਰ ਵਲੋਂ ਨਮ ਅੱਖਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਗੁਰਵਿੰਦਰ ਦੇ ਚੱਲੇ ਜਾਣ ਕਾਰਨ ਉਸ ਦੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਗੁਰਵਿੰਦਰ ਦੇ ਇਕ ਦੋਸਤ ਦਲੇਰ ਸਿੰਘ ਧਨੋਆ ਨੇ ਦੱਸਿਆ ਕਿ ਉਹ ਇਕ ਚੰਗਾ ਇਨਸਾਨ ਸੀ ਅਤੇ ਹਰ ਸਮੇਂ ਦੂਜਿਆਂ ਦੀ ਮਦਦ ਲਈ ਅੱਗੇ ਰਹਿੰਦਾ ਸੀ। ਦਲੇਰ ਸਿੰਘ ਨੇ ਹੀ ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ 'ਚ ਮਦਦ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਗੁਰਵਿੰਦਰ ਜੁਲਾਈ 2009 'ਚ ਆਸਟ੍ਰੇਲੀਆ ਆਇਆ ਸੀ। ਸ਼ੈਪਪਾਰਟਨ 'ਚ ਉਹ ਮੋਟਰ ਮਕੈਨੀਕਲ ਸੀ। 
ਬੀਤੇ ਹਫਤੇ ਮੈਲਬੌਰਨ 'ਚ ਉਸ ਦੇ ਦੋਸਤਾਂ ਨੇ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ, ਜਿਸ 'ਚ ਉਸ ਦੇ ਦੋਸਤ ਅਤੇ ਭਾਈਚਾਰੇ ਦੇ ਮੈਂਬਰਾਂ ਸਮੇਤ 100 ਲੋਕਾਂ ਨੇ ਹਾਜ਼ਰੀ ਭਰੀ। ਗੁਰਵਿੰਦਰ ਦੇ ਦੋਸਤ ਅਤੇ ਭਾਈਚਾਰੇ ਵਲੋਂ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਗਈ। ਗੁਰਵਿੰਦਰ ਦੀ ਮੌਤ ਕਾਰਨ ਉਸ ਦਾ ਪਰਿਵਾਰ ਡੂੰਘੇ ਸਦਮੇ ਵਿਚ ਹੈ। ਉਸ ਦੀ ਮਾਂ ਨੂੰ ਆਪਣੇ ਪੁੱਤ ਦੀ ਮੌਤ ਦਾ ਡੂੰਘਾ ਧੱਕਾ ਲੱਗਾ ਹੈ, ਕਿਉਂਕਿ ਉਹ ਗੁਰਵਿੰਦਰ ਦੇ ਵਿਆਹ ਦੀਆਂ ਤਿਆਰੀਆਂ 'ਚ ਲੱਗੀ ਹੋਈ ਸੀ। ਇਸੇ ਸਾਲ ਅਕਤੂਬਰ 'ਚ ਗੁਰਵਿੰਦਰ ਦਾ ਵਿਆਹ ਹੋਣਾ ਸੀ ਪਰ ਪਰਿਵਾਰ ਨੂੰ ਇਸ ਵੱਡੇ ਦੁੱਖ 'ਚੋਂ ਲੰਘਣਾ ਪੈ ਰਿਹਾ ਹੈ।