ਦੁਬਈ ’ਚ ਗਲਤੀ ਨਾਲ ਭਾਰਤੀ ਵਿਅਕਤੀ ਦੇ ਖਾਤੇ ’ਚ ਆਏ 1.28 ਕਰੋੜ ਰੁਪਏ, ਮੋੜਨ ਤੋਂ ਨਾਂਹ ਕਰਨ ’ਤੇ ਜੇਲ੍ਹ

12/30/2022 10:43:33 AM

ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿਚ ਅਕਤੂਬਰ 2021 ਵਿਚ ਮੈਡੀਕਲ ਪ੍ਰੈਕਟੀਸ਼ਨਰ ਕੰਪਨੀ ਵਲੋਂ ਗਲਤੀ ਨਾਲ ਖ਼ਾਤੇ ਵਿਚ ਟਰਾਂਸਫਰ 5.70 ਲੱਖ ਦਿਰਹਮ (ਲਗਭਗ 1.28 ਕਰੋੜ ਰੁਪਏ) ਮੋੜਨ ਤੋਂ ਨਾਂਹ ਕਰਨ ’ਤੇ ਇਕ ਭਾਰਤੀ ਨੂੰ ਇਕ ਮਹੀਨੇ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਵਿਅਕਤੀ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ। ਅਦਾਲਤ ਨੇ ਉਸਨੂੰ ਜੁਰਮਾਨੇ ਵਿਚ ਓਨੀ ਹੀ ਰਕਮ ਦਾ ਭੁਗਤਾਨ ਕਰਨ ਅਤੇ ਸਜ਼ਾ ਪੂਰੀ ਹੋਣ ’ਤੇ ਉਸਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ : ਓਹੀਓ ਯਾਤਰਾ ਦੌਰਾਨ ਰਾਜਦੂਤ ਤਰਨਜੀਤ ਸੰਧੂ ਦੀਆਂ ਕਈ ਅਹਿਮ ਮੀਟਿੰਗਾਂ, ਸਟੇਟ ਯੂਨੀਵਰਸਿਟੀ ਦਾ ਵੀ ਕੀਤਾ ਦੌਰਾ

ਮੈਡੀਕਲ ਪ੍ਰੈਕਟੀਸ਼ਨਰ ਕੰਪਨੀ ਦੇ ਅਧਿਕਾਰੀ ਨੇ ਜੱਜ ਨੂੰ ਦੱਸਿਆ ਕਿ ਉਹ ਆਪਣੇ ਇਕ ਕਾਰੋਬਾਰੀ ਗਾਹਕ ਨੂੰ 5.70 ਲੱਖ ਦਿਰਹਮ ਭੇਜ ਰਿਹਾ ਸੀ ਪਰ ਗਲਤੀ ਨਾਲ ਰਕਮ ਦੋਸ਼ੀ ਦੇ ਖਾਤੇ ਵਿਚ ਚਲੀ ਗਈ। ਵਿਅਕਤੀ ਨੇ ਪੁਸ਼ਟੀ ਕੀਤੀ ਕਿ ਉਸਨੂੰ ਖਾਤੇ ਵਿਚ ਰਕਮ ਜਮ੍ਹਾ ਹੋਣ ਦੀ ਸੂਚਨਾ ਮਿਲੀ ਪਰ ਉਸਨੇ ਉਸਦੇ ਸ੍ਰੋਤ ਨੂੰ ਪ੍ਰਮਾਣਿਤ ਨਹੀਂ ਕੀਤਾ। ਦੋਸ਼ੀ ਨੇ ਕਿਹਾ ਕਿ ਉਸਨੇ ਉਸ ਰਕਮ ਨਾਲ ਕਿਰਾਏ ਦਾ ਭੁਗਤਾਨ ਕੀਤਾ ਅਤੇ ਹੋਰ ਖਰਚੇ ਕੀਤੇ। ਦੋਸ਼ੀ ਨੇ ਗਲਤੀ ਨਾਲ ਰਕਮ ਟਰਾਂਸਫਰ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਉਸ ਨੂੰ ਬੈਂਕ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਦੁਬਈ ਦੇ ਸਰਕਾਰੀ ਵਕੀਲ ਨੇ ਉਸ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਰਕਮ ਹਾਸਲ ਕਰਨ ਦਾ ਮੁਕੱਦਮਾ ਚਲਾਇਆ। ਦੋਸ਼ੀ ਨੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਅਤੇ ਉਸ ਦੀ ਅਪੀਲ 'ਤੇ ਅਗਲੇ ਮਹੀਨੇ ਸੁਣਵਾਈ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : Year Ender 2022: ਗਲੋਬਲ ਹਸਤੀਆਂ, ਜਿਨ੍ਹਾਂ ਨੇ ਇਸ ਸਾਲ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

cherry

This news is Content Editor cherry