ਆਸਟ੍ਰੇਲੀਆਈ ਅਦਾਲਤ ਨੇ ਪੰਜਾਬੀ ਨੌਜਵਾਨ ਦੀ ਸਜ਼ਾ ਨੂੰ ਕੀਤਾ ਮੁਆਫ, ਕਰ ਬੈਠਾ ਸੀ ਇਹ ਗਲਤੀ

09/11/2017 12:48:46 PM

ਪਰਥ— ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਸਟੱਡੀ ਵੀਜ਼ੇ 'ਤੇ ਗਏ ਇਕ ਪੰਜਾਬੀ ਨੌਜਵਾਨ ਦੀ ਸਜ਼ਾ ਨੂੰ ਇੱਥੋਂ ਦੀ ਅਦਾਲਤ ਨੇ ਮੁਆਫ਼ ਕਰ ਦਿੱਤਾ ਹੈ। ਦਰਅਸਲ ਬੀਤੇ ਸਾਲ ਮਈ ਮਹੀਨੇ ਪ੍ਰੀਤਪਾਲ ਸਿੰਘ ਨਾਂ ਦਾ ਪੰਜਾਬੀ ਨੌਜਵਾਨ ਭਾਰਤ ਤੋਂ ਆਸਟ੍ਰੇਲੀਆ ਗਿਆ ਸੀ। ਪ੍ਰੀਤਪਾਲ ਸਿੰਘ ਸਟੱਡੀ ਵੀਜ਼ੇ 'ਤੇ ਆਸਟ੍ਰੇਲੀਆ ਦੇ ਸ਼ਹਿਰ ਪਰਥ ਗਿਆ ਸੀ, ਜਿੱਥੇ ਉਸ ਕੋਲੋਂ ਵੱਡੀ ਗਲਤੀ ਹੋ ਗਈ ਸੀ। ਦਰਅਸਲ ਉਸ ਦੀ ਕਾਰ ਦੀ ਟੱਕਰ ਇਕ ਮੋਟਰਸਾਈਕਲ ਸਵਾਰ ਨਾਲ ਹੋ ਗਈ ਸੀ। ਜ਼ਖਮੀ ਹਾਲਤ ਵਿਚ ਮੋਟਰਸਾਈਕਲ ਸਵਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਸੰਬੰਧਤ ਮੁਕੱਦਮਾ ਅਦਾਲਤ 'ਚ ਚੱਲਿਆ।
ਪਿਛਲੇ ਮਹੀਨੇ ਅਦਾਲਤੀ ਸੁਣਵਾਈ ਦੌਰਾਨ ਪ੍ਰੀਤਪਾਲ ਨੂੰ ਇਸ ਮਾਮਲੇ ਦਾ ਦੋਸ਼ੀ ਪਾਇਆ ਗਿਆ ਸੀ। ਹੁਣ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜੱੱਜ ਨੇ ਪ੍ਰੀਤਪਾਲ ਦੀ 14 ਮਹੀਨਿਆਂ ਦੀ ਸਜ਼ਾ ਸੁਣਾਈ ਹੈ, ਜਿਸ 'ਚੋਂ 12 ਮਹੀਨੇ ਦੀ ਸਜ਼ਾ ਨੂੰ ਮੁਆਫ਼ ਕਰ ਦਿੱਤਾ। ਜੱਜ ਨੇ ਤਰਕ ਦਿੱਤਾ ਕਿ ਪ੍ਰੀਤਪਾਲ ਦਾ ਰਵੱਈਆ ਬਹੁਤ ਚੰਗਾ ਅਤੇ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਵੀ ਹੈ। ਬਸ ਇੰਨਾ ਹੀ ਨਹੀਂ ਉਹ ਮ੍ਰਿਤਕ ਦੇ ਪਰਿਵਾਰ ਤੋਂ ਕਈ ਵਾਰ ਮੁਆਫ਼ੀ ਵੀ ਮੰਗ ਚੁੱਕਾ ਹੈ ਅਤੇ ਉਨ੍ਹਾਂ ਵਲੋਂ ਉਸ ਨੂੰ ਮੁਆਫ਼ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਮ੍ਰਿਤਕ ਦੀ ਪਤਨੀ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੀ ਕਿ ਉਹ ਜੇਲ ਦੀ ਸਲਾਖਾਂ ਪਿੱਛੇ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਵੀ ਦੁੱਖ ਝੱਲਣੇ ਪੈਣ, ਜਿਵੇਂ ਉਹ ਝੱਲ ਰਹੇ ਹਨ। ਉਸ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਕਿਸੇ ਨਾਲ ਨਾ ਹੋਵੇ, ਚੰਗਾ ਹੋਵੇ ਕਿ ਉਹ ਆਪਣੀ ਜ਼ਿੰਦਗੀ ਮੁੜ ਤੋਂ ਸ਼ੁਰੂ ਕਰੇ ਅਤੇ ਆਪਣੇ ਪਰਿਵਾਰ ਵਿਚ ਵੱਸੇ।