ਭਾਰਤੀ ਮੂਲ ਦੇ ਇਕ ਵਿਅਕਤੀ ਨੇ ਆਸਟਰੇਲੀਆ ਦੀਆਂ ਮਸ਼ਹੂਰ ਹਸਤੀਆਂ ਦੇ ਚਿੱਤਰਾਂ ਦੀ ਲਾਈ ਪ੍ਰਦਰਸ਼ਨੀ

05/26/2017 6:57:40 PM

ਮੈਲਬੌਰਨ—ਭਾਰਤੀ ਮੂਲ ਦੇ ਇਕ ਵਿਅਕਤੀ ਨੇ ਕ੍ਰਿਕਟ ਹਸਤੀ ਸ਼ੇਨ ਵਾਰਨ ਅਤੇ ਰਿਕੀ ਪੌਨਟਿੰਗ ਵਰਗੇ ਮਸ਼ਹੂਰ ਆਸਟਰੇਲੀਆਈ ਵਿਅਕਤੀਆਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੈ। ਮੈਲਬੌਰਨ 'ਚ ਰਹਿਣ ਵਾਲੇ ਸੇਦੁਨਾਥ ਪ੍ਰਭਾਕਰ ਨੇ ਬੀਤੇ ਬੁੱਧਵਾਰ ਨੂੰ ਦੋ ਦਿਨਾ ਪ੍ਰਦਰਸ਼ਨੀ ਲਾਈ ਸੀ ਅਤੇ ਸੰਸਦ ਸਪੀਕਰ ਕੋਲਿਨ ਬਰੂਕਸ, ਸੱਭਿਆਚਾਰਕ ਮੰਤਰੀ ਰੋਬਿਨ ਸਕਾਟ, ਭਾਰਤੀ ਕੌਂਸਲ ਜਨਰਲ ਮਨਿਕਾ ਜੈਨ ਅਤੇ ਭਾਰਤੀ ਭਾਈਚਾਰੇ ਦੇ ਹੋਰ ਮੈਂਬਰਾਂ ਨੇ ਇਸ ਪ੍ਰਦਰਸ਼ਨੀ ਨੂੰ ਆਮ ਲੋਕਾਂ ਲਈ ਖੋਲਿਆ। 50 ਮੀਟਰ ਦੇ ਕੈਨਵਸ 'ਤੇ ਬਣਾਏ ਗਏ ਚਿੱਤਰਾਂ 'ਚ 17ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਆਸਟਰੇਲੀਆ ਦੇ ਸੱਭਿਆਚਾਰ ਅਤੇ ਇਤਿਹਾਸ ਦਾ ਵਰਣਨ ਕਰਨ ਵਾਲੀ ਰਾਜਨੀਤੀ, ਖੇਡਾਂ ਤੋਂ ਲੈ ਕੇ ਫਿਲਮੀ ਜਗਤ ਦੇ ਮਸ਼ਹੂਰ ਲੋਕਾਂ ਦੇ ਚਿੱਤਰ ਸ਼ਾਮਲ ਹਨ। ਚਿੱਤਰਕਾਰ ਅਤੇ ਸੰਗੀਤਕਾਰ ਪ੍ਰਭਾਕਰ ਨੇ ਕਿਹਾ ਕਿ ਉਹ ਆਸਟਰੇਲੀਆ ਦੇ ਡੂੰਘੇ ਸੱਭਿਆਚਾਰ ਅਤੇ ਇਤਿਹਾਸ ਤੋਂ ਪ੍ਰੇਰਿਤ ਹਨ ਅਤੇ ਗਹਿਰੀ ਸੋਧ ਤੋਂ ਬਾਅਦ ਉਨ੍ਹਾਂ ਨੇ ਇਤਿਹਾਸ ਦੇ ਕੁਝ ਮਸ਼ਹੂਰ ਲੋਕਾਂ ਅਤੇ ਜਾਣੇ-ਪਛਾਣੇ ਚਿਹਰਿਆਂ ਦੀ ਚੋਣ ਕੀਤੀ। ਸਾਰੇ ਚਿੱਤਰਾਂ ਨੂੰ ਬਣਾਉਣ 'ਚ ਉਨ੍ਹਾਂ ਨੂੰ 18 ਮਹੀਨੇ ਦਾ ਸਮਾਂ ਲੱਗਾ। ਬੜੌਦਾ ਸਕੂਲ ਆਫ ਆਰਟਸ ਦੇ ਵਿਦਿਆਰਥੀ ਰਹੇ ਪ੍ਰਭਾਕਰ ਨੇ ਕਿਹਾ ਕਿ ਉਨ੍ਹਾਂ ਦੇ ਪਸੰਦੀਦਾ ਚਿੱਤਰਾਂ 'ਚ ਮਸ਼ਹੂਰ ਇੰਜੀਨੀਅਰ ਜਾਨ ਮੋਨਾਸ਼ ਅਤੇ ਸਭ ਤੋਂ ਵੱਧ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਵਾਲੇ ਰਾਬਰਟ ਮੇਨਜੀਸ ਦੇ ਚਿੱਤਰ ਹਨ। ਪ੍ਰਦਰਸ਼ਨੀ 'ਚ ਸ਼ਾਮਲ ਹੋਰ ਹਸਤੀਆਂ 'ਚ ਐਡੀ ਕੋਈਕੀ ਮਾਬੋ, ਕੈਥੀ ਫ੍ਰੀਮੈਨ, ਸ਼ੇਨ ਵਾਰਨ, ਰਿਕੀ ਪੌਟਿੰਗ, ਸਟੀਵ ਇਰਵਿਨ ਅਤੇ ਜੂਲੀਆ ਗਿਲਾਰਡ ਆਦਿ ਸ਼ਾਮਲ ਹਨ।