ਫਰੈਂਕਫਰਟ ਦੇ ਕਲੋਨ ਸ਼ਹਿਰ ’ਚ ਆਯੋਜਿਤ ਕੀਤਾ ਗਿਆ ਇੰਡੀਅਨ ਫੈਸਟ

07/04/2019 8:21:56 AM

ਚੰਡੀਗਡ਼੍ਹ/ਵਾਸ਼ਿੰਗਟਨ (ਭੁੱਲਰ)- ਆਪਸੀ ਸੱਭਿਆਚਾਰਕ ਸਾਂਝ ਵਧਾਉਣ ਹਿੱਤ ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਿਆਂ ਭਾਰਤ ਦੇ ਕੰਸੁਲੇੇਟ ਜਨਰਲ ਵਲੋਂ ਫਰੈਂਕਫਰਟ ਦੇ ਇਤਿਹਾਸਕ ਸ਼ਹਿਰ ਕਲੋਨ ਵਿਖੇ ‘ਇੰਡੀਅਨ ਫੈਸਟ’ ਨਾਂ ਦੇ ਇਕ ਵਿਆਪਕ ਸਭਿਆਚਾਰਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇੰਡੀਅਨ ਐਸੋਸੀਏਸ਼ਨਾਂ ਅਤੇ ਕਲੋਨ ਸ਼ਹਿਰ ਦੀਆਂ ਅਥਾਰਟੀਆਂ ਵਲੋਂ ਆਪਸੀ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ ਵਿਸ਼ਾਲ ਇੰਡੀਅਨ ਫੈਸਟ ਨੇ ਵਿਦੇਸ਼ੀ ਸੈਲਾਨੀਆਂ, ਸਥਾਨਕ ਜਰਮਨਾਂ ਅਤੇ ਉਤਰੀ ਰਿਨੇ ਵੈਸਫੈਲੀਆ (ਐੱਨ. ਡਬਲਿਊ. ਆਰ.) ਖੇਤਰ ਨਾਲ ਸਬੰਧਤ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧਿਆਨ ਖਿੱਚਿਆ। ਇਹ ਫੈਸਟ ਕਲੋਨ ਸ਼ਹਿਰ ਦੇ ਵਿਚੋ-ਵਿਚ ਸਥਿਤ ਪਲਾਟਜ਼ ਦੇ ਨਿਊਮਾਰਕਟਜ਼ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਕਿ ਸੈਲਾਨੀਆਂ ਦੀ ਆਮਦ ਦੇ ਨਾਲ-ਨਾਲ ਭਾਰਤੀ ਸੰਗੀਤ ਅਤੇ ਫੂਡ ਸਟਾਲ ਵੀ ਖਿੱਚ ਦਾ ਕੇਂਦਰ ਰਹੇ।

ਕਲੋਨ ਸ਼ਹਿਰ ਦੀ ਡਿਪਟੀ ਮੇਅਰ ਮਿਸ ਇਲਫੀ ਸਕੋ-ਐਂਟਵਰਪਸ ਨੇ ਮੁੱਖ ਮਹਿਮਾਨ ਵਜੋਂ ਇਸ ਫੈਸਟ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਕਲੋਨ ਸ਼ਹਿਰ ’ਚ ਵਸਦੇ ਭਾਰਤੀ ਭਾਈਚਾਰੇ ਪ੍ਰਤੀ ਖੁਸ਼ੀ ਪ੍ਰਗਟਾਈ ਅਤੇ ਇਨ੍ਹਾਂ ਲੋਕਾਂ ਨੂੰ ਇਕੱਤਰ ਕਰਨ ਲਈ ਕੰਸੁਲੇਟ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸਮਾਰੋਹ ਦੌਰਾਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਰੀਤੀ-ਰਿਵਾਜਾਂ ਨਾਲ ਸਬੰਧਤ ਨਾਚ ਅਤੇ ਸੰਗੀਤ ਦੀਆਂ 30 ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਬਾਲੀਵੁੱਡ ਧੁਨਾਂ ਤੇ ਕਲਾਸੀਕਲ ਨਾਚ ਦੀਆਂ ਪੇਸ਼ਕਾਰੀਆਂ ਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਝੂਮਣ ਲਾ ਦਿੱਤਾ। ਐੱਨ. ਆਰ. ਡਬਲਊ. ਖੇਤਰ ਨਾਲ ਸਬੰਧਤ ਕਈ ਭਾਰਤੀ ਐਸੋਸੀਏਸ਼ਨਾਂ ਵੱਲੋਂ ਫੂਡ ਸਟਾਲਾਂ ਲਾਈਆਂ ਗਈਆਂ, ਜਿਥੇ 250 ਤੋਂ ਵੱਧ ਕਿਸਮਾਂ ਦੇ ਸੁਆਦਲੇ ਭੋਜਨ ਪਦਾਰਥ ਉਪਲੱਬਧ ਸਨ। ਸੈਲਾਨੀਆਂ ਨੇ ਭਾਰਤ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸੁਆਦਲੇ ਖਾਣੇ ਦਾ ਲੁਤਫ਼ ਉਠਾਇਆ।