ਸਿੰਗਾਪੁਰ : ਭਾਰਤੀ ਮੂਲ ਦੇ ਡਾਕਟਰ ਦੀ ਗਲਤੀ ਕਾਰਨ ਹੋਈ ਮਰੀਜ਼ ਦੀ ਮੌਤ

10/15/2019 2:22:53 PM

ਸਿੰਗਾਪੁਰ, (ਭਾਸ਼ਾ)— ਸਿੰਗਾਪੁਰ 'ਚ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਡਾਕਟਰ 'ਤੇ ਮਰੀਜ਼ ਨੂੰ ਗਲਤ ਦਵਾਈ ਦੇਣ ਦੇ ਦੋਸ਼ ਲੱਗੇ ਹਨ। ਦੋਸ਼ ਹੈ ਕਿ 2014 'ਚ ਉਸ ਨੇ ਆਪਣੇ ਮਰੀਜ਼ ਸਵਾਰੀਮੁੱਥੋ ਅਰੁਲ ਜ਼ੇਵੀਅਰ ਦੇ ਜ਼ਰੂਰੀ ਮੈਡੀਕਲ ਟੈਸਟ ਕਰਵਾਏ ਬਿਨਾਂ ਉਸ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਜ਼ੇਵੀਅਰ ਦੀ ਮੌਤ ਹੋ ਗਈ। ਭਾਰਤੀ ਡਾਕਟਰ ਦੀ ਪਛਾਣ 75 ਸਾਲਾ ਹਰੀਦਾਸ ਰਾਦਾਸ ਵਜੋਂ ਹੋਈ ਹੈ ਜੋ ਕਿ ਉਸ ਸਮੇਂ ਟੇਕਾ ਕਲਿਨਕ ਸਰਜਰੀ 'ਚ ਪ੍ਰੈਕਟਿਸ ਕਰਦਾ ਸੀ।

ਉਸ ਨੇ ਮਰੀਜ਼ ਨੂੰ ਜ਼ਰੂਰੀ ਮੈਡੀਕਲ ਟੈਸਟ ਕਰਵਾਉਣ ਲਈ ਨਹੀਂ ਕਿਹਾ ਸਗੋਂ ਉਸ ਨੂੰ ਮੈਥੋਟਰੇਕਸੇਟ ਨਾਂ ਦੀ ਦਵਾਈ ਦੀਆਂ 10 ਗੋਲੀਆਂ ਖਾਣ ਦੀ ਸਲਾਹ ਦਿੱਤੀ ਜੋ ਕਿ ਕੀਮੋਥੈਰਿਪੀ ਸਮੇਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਬਹੁਤ ਤੇਜ਼ ਦਵਾਈਆਂ ਦੀਆਂ 10-10 ਗੋਲੀਆਂ ਖਾਣ ਲਈ ਸਲਾਹ ਦਿੱਤੀ ਸੀ। ਇਸ ਕਾਰਨ ਮਰੀਜ਼ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਗਈਆਂ ਅਤੇ ਉਸ ਦਾ ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ। ਥੋੜੀ ਦੇਰ ਬਾਅਦ ਜ਼ੇਵੀਅਰ ਦੀ ਮੌਤ ਹੋ ਗਈ। ਅਜੇ ਇਹ ਨਹੀਂ ਪਤਾ ਲੱਗਾ ਕਿ ਜਦ ਮਰੀਜ਼ ਦੀ ਮੌਤ ਹੋਈ ਤਾਂ ਉਹ ਕਿਸ ਬੀਮਾਰੀ ਨਾਲ ਜੂਝ ਰਿਹਾ ਸੀ।

ਡਾਕਟਰ ਨੂੰ 4 ਅਕਤੂਬਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉਸ ਨੂੰ 10,000 ਸਿੰਗਾਪੁਰੀ ਡਾਲਰ ਦੀ ਜ਼ਮਾਨਤ 'ਤੇ ਬਾਹਰ ਕੱਢਿਆ ਗਿਆ। ਹੁਣ 29 ਅਕਤੂਬਰ ਨੂੰ ਉਸ ਨੂੰ ਅਦਾਲਤ 'ਚ ਪੇਸ਼ੀ ਲਈ ਸੱਦਿਆ ਗਿਆ ਹੈ। ਜੇਕਰ ਉਸ 'ਤੇ ਦੋਸ਼ ਸਿੱਧ ਹੁੰਦੇ ਹਨ ਤਾਂ ਉਸ ਨੂੰ ਜੁਰਮਾਨੇ ਦੇ ਨਾਲ-ਨਾਲ 5 ਸਾਲ ਦੀ ਜੇਲ ਦੀ ਸਜ਼ਾ ਮਿਲ ਸਕਦੀ ਹੈ।