ਭਾਰਤੀ ਸੱਭਿਆਚਾਰ ''ਤੇ ਮਿਸਰ ''ਚ ਫੋਟੋ ਪ੍ਰਦਰਸ਼ਨੀ ਦਾ ਆਯੋਜਨ

01/09/2018 6:58:04 PM

ਕਾਹਿਰਾ(ਭਾਸ਼ਾ)— ਮਿਸਰ ਵਿਚ ਭਾਰਤ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ 'ਤੇ ਇਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਪ੍ਰਦਰਸ਼ਨੀ ਵਿਚ ਮਿਸਰ ਦੇ ਇਕ ਫੋਟੋਗ੍ਰਾਫਰ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਪ੍ਰਦਰਸ਼ਨੀ ਉਸ ਉਤਸਵ ਦਾ ਹਿੱਸਾ ਹੈ ਜਿਸ ਦੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ 70 ਸਾਲਾਂ ਤੋਂ ਚੱਲੇ ਆ ਰਹੇ ਕੂਟਨੀਤਕ ਸਬੰਧਾਂ 'ਤੇ ਪ੍ਰਕਾਸ਼ ਪਾਇਆ ਗਿਆ ਹੈ। ''ਕਲਰਸ ਆਫ ਇੰਡੀਆ' ਸਿਰਲੇਖ ਵਾਲੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਮਿਸਰ ਵਿਚ ਭਾਰਤ ਦੇ ਦੂਤ ਸੰਜੇ ਭੱਟਾਚਾਰਿਆ ਅਤੇ ਮਿਸਰ ਦੇ ਸੈਂਟਰ ਫਾਰ ਇੰਟਰਨੈਸ਼ਨਲ ਕਲਚਰਲ ਕੋਆਪਰੇਸ਼ਨ ਦੀ ਸੱਭਿਆਚਾਰ ਮੰਤਰੀ ਹੇਲਸੀ ਅਲ-ਨੱਨਮ ਨੇ ਕੱਲ ਜਮਾਲੇਕ ਵਿਚ ਕੀਤਾ।
ਮੌਲਾਨਾ ਆਜ਼ਾਦ ਭਾਰਤੀ ਸੱਭਿਆਚਾਰ ਕੇਂਦਰ ਨੇ ਮਿਸਰ ਦੇ ਸੱਭਿਆਚਾਰਕ ਮੰਤਰਾਲੇ ਦੇ ਵਿਦੇਸ਼ੀ ਸੱਭਿਆਚਾਰਕ ਸਬੰਧ ਸ਼ਾਖਾ ਨਾਲ ਮਿਲ ਕੇ ਇਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਇਹ ਪ੍ਰਦਰਸ਼ਨੀ 13 ਜਨਵਰੀ ਤੱਕ ਚੱਲੇਗੀ। ਪ੍ਰਦਰਸ਼ਨੀ ਵਿਚ ਮਿਸਰ ਦੇ ਫੋਟੋਗ੍ਰਾਫਰ ਮੋਨਾ ਅੱਬਦੇਲ ਕਰੀਮ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਦੀ ਇਕ ਲੜੀ ਪ੍ਰਦਰਸ਼ਿਤ ਕੀਤੀ ਗਈ ਹੈ, ਜਿਸ ਵਿਚ ਮਿਸਰ ਵਿਚ ਹੋਲੀ ਦਾ ਜਸ਼ਨ, ਰਵਾਇਤੀ ਅਤੇ ਸਮਕਾਲੀ ਕਲਾ ਰੂਪਾਂ ਅਤੇ ਕੈਮਰੇ ਵਿਚ ਕੈਦ ਕੀਤੀਆਂ ਗਈਆਂ ਕਈ ਕਿਸਮ ਦੀਆਂ ਭਾਵਨਾਵਾਂ ਨਾਲ ਪੂਰਨ ਤਸਵੀਰਾਂ ਸ਼ਾਮਲ ਹੋਣਗੀਆਂ।