ਸਿੰਗਾਪੁਰ 'ਚ ਮਨੁੱਖੀ ਤਸਕਰੀ ਮਾਮਲੇ 'ਚ ਭਾਰਤੀ ਜੋੜਾ ਦੋਸ਼ੀ ਕਰਾਰ

11/16/2019 7:43:34 PM

ਸਿੰਗਾਪੁਰ— ਸਿੰਗਾਪੁਰ ਦੇ ਬੋਟ ਕਵੇ 'ਚ ਦੋ ਕਲੱਬ ਚਲਾਉਣ ਵਾਲੇ ਇਕ ਭਾਰਤੀ ਜੋੜੇ ਨੂੰ ਤਿੰਨ ਬੰਗਲਾਦੇਸ਼ੀ ਮਹਿਲਾਵਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਇਥੇ ਲਿਆਉਣ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਦੋਸ਼ੀ ਪਾਇਆ ਗਿਆ। ਚੈਨਲ ਨਿਊਜ਼ ਏਸ਼ੀਆ ਦੇ ਮੁਤਾਬਕ ਭਾਰਤੀ ਨਾਗਰਿਕ ਪ੍ਰਿਅੰਕਾ ਭੱਟਾਚਾਰਿਆ ਰਾਜੇਸ਼ (29) ਤੇ ਮਾਲਕਰ ਸਾਵਲਾਰਾਮ ਅਨੰਤ (49) 'ਤੇ ਮਹਿਲਾਵਾਂ ਦੇ ਸ਼ੋਸ਼ਣ ਦਾ ਦੋਸ਼ ਵੀ ਲੱਗਿਆ ਸੀ। ਇਨ੍ਹਾਂ 'ਚੋਂ ਇਕ ਔਰਤ ਨੂੰ ਦੇਹ ਵਪਾਰ 'ਚ ਧਕੇਲਿਆ ਗਿਆ। ਦੋਸ਼ੀ ਜੋੜੇ ਨੂੰ 19 ਦਸੰਬਰ ਨੂੰ ਸਜ਼ਾ ਸੁਣਾਈ ਗਈ ਜਾਵੇਗੀ।

ਚੈਨਲ ਨੇ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਔਰਤਾਂ ਨੂੰ ਕੰਗਨ ਤੇ ਕਿੱਕ ਕਲੱਬਾਂ 'ਚ ਡਾਂਸਰ ਦੇ ਤੌਰ 'ਤੇ ਨੌਕਰੀ ਤੇ 60 ਹਜ਼ਾਰ ਬੰਗਲਾਦੇਸ਼ੀ ਟਕਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪ੍ਰੋਸੀਕਿਊਸ਼ਨ ਪੱਖ ਨੇ ਦੱਸਿਆ ਕਿ ਔਰਤਾਂ ਨੂੰ ਇਥੇ ਬਹੁਤ ਖਰਾਬ ਹਾਲਾਤ 'ਚ ਰੱਖਿਆ ਗਿਆ ਸੀ। ਕਿਸੇ ਵੀ ਔਰਤ ਨੂੰ ਟਿੱਪ ਦੀ ਰਾਸ਼ੀ ਰੱਖਣ ਦੀ ਆਗਿਆ ਨਹੀਂ ਸੀ ਜੋ ਗਾਹਕ ਉਨ੍ਹਾਂ ਨੂੰ ਦਿੰਦੇ ਸਨ। ਇਸ ਤੋਂ ਇਲਾਵਾ ਇਨ੍ਹਾਂ 'ਚੋਂ ਦੋ ਔਰਤਾਂ ਨੂੰ ਉਨ੍ਹਾਂ ਦੀ ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਗਈ। ਚੈਨਲ ਨੇ ਦੱਸਿਆ ਕਿ ਔਰਤਾਂ ਤੋਂ ਉਨ੍ਹਾਂ ਦੇ ਪਾਸਪੋਰਟ ਜਮਾ ਕਰਾਉਣ ਲਈ ਕਿਹਾ ਗਿਆ ਸੀ ਤੇ ਉਨ੍ਹਾਂ ਨੂੰ ਕੰਮ ਕਰਨ ਲਈ ਪਰਮਿਟ ਵੀ ਨਹੀਂ ਦਿੱਤੇ ਗਏ ਸਨ। ਇਸ ਦੌਰਾਨ ਔਰਤਾਂ ਨੂੰ ਬੀਮਾਰੀ 'ਚ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਤੇ ਉਨ੍ਹਾਂ ਤੋਂ ਹਫਤੇ ਦੇ ਸੱਤੇ ਦਿਨ ਕੰਮ ਕਰਵਾਇਆ ਜਾਂਦਾ ਸੀ। ਪੁਲਸ ਨੂੰ ਮਿਲੀ ਇਕ ਖੂਫੀਆ ਸੂਚਨਾ ਦੇ ਆਧਾਰ 'ਤੇ ਮਿਲਟਰੀ ਆਫ ਮੈਨਪਾਵਰ ਦੇ ਨਾਲ ਸੰਯੁਕਤ ਮੁਹਿੰਮ ਤੋਂ ਬਾਅਦ ਜੋੜੇ ਦੇ ਅਪਰਾਧਾਂ ਦਾ ਖੁਲਾਸਾ ਹੋਇਆ।

Baljit Singh

This news is Content Editor Baljit Singh