ਅਮਰੀਕਾ ’ਚ ਭਾਰਤੀ ਭਾਈਚਾਰੇ ਨੇ ਸ਼ੈਰਿਨ ਮੈਥਿਊ ਨੂੰ ਕੀਤਾ ਯਾਦ

12/31/2017 6:26:50 PM

ਹਿਊਸਟਨ (ਏਜੰਸੀ)- ਭਾਰਤੀ ਬੱਚੀ ਸ਼ੇਰਿਨ ਮੈਥਿਊ ਦੀ ਯਾਦ ਵਿਚ ਡਲਾਸ ਵਿਚ ਰੈਸਟਲੈਂਡ ਫਿਊਨਰਲ ਹੋਮ ਐਂਡ ਸੇਮੇਟਰੀ ਦਾ ਉਦਘਾਟਨ ਕੀਤਾ ਗਿਆ। ਸ਼ੇਰਿਨ ਮੈਥਿਊ ਕਈ ਦਿਨਾਂ ਤੋਂ ਲਾਪਤਾ ਚਲ ਰਹੀ ਸੀ ਅਤੇ ਉਸ ਦੀ ਲਾਸ਼ ਇਕ ਪੁਲੀਆ ਵਿਚੋਂ ਮਿਲੀ ਸੀ। ਸ਼ੇਰਿਨ ਦੀ ਯਾਦ ਵਿਚ ਬਣੇ ਸਮਾਧੀ ਸਥਾਨ ਦੇ ਇਕ ਹਿੱਸੇ ਵਿਚ ਗ੍ਰੇਨਾਈਟ ਦੀ ਇਕ ਬੈਂਚ ਸਥਾਪਿਤ ਕੀਤੀ ਗਈ ਹੈ, ਜਿਸ ’ਤੇ 3 ਸਾਲਾ ਬੱਚੀ ਦਾ ਨਾਂ ਲਿਖਿਆ ਹੈ ਅਤੇ ਨਾਲ ਹੀ ਯਾਦਗਾਰ ਲੇਖ ਲਿਖੇ ਹਨ।

ਸਮਰਿਤੀ ਲੇਖ ਵਿਚ ਲਿਖਿਆ ਹੈ ਇਕ ਜੀਵਨ ਜਿਸ ਨੇ ਦੂਜਿਆਂ ਦੇ ਦਿਲਾਂ ਨੂੰ ਛੋਹਿਆ, ਉਹ ਹਮੇਸ਼ਾ ਲਈ ਸਾਨੂੰ ਛੱਡ ਕੇ ਚਲਾ ਗਿਆ। ਠੰਡ ਦੇ ਬਾਵਜੂਦ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਭਾਈਚਾਰੇ ਦੇ  ਲੋਕ ਸ਼ੇਰਿਨ ਦੇ ਇਸ ਛੋਟੇ ਜਿਹੇ ਜੀਵਨ ਦੀ ਸਮਾਪਤੀ ਵਿਚ ਆਏ ਸਨ। ਇਕ ਘੰਟਾ ਦੇ ਇਸ ਸ਼ੋਕ ਸੰਮੇਲਨ ਵਿਚ ਇਕ ਵੀ ਵਿਅਕਤੀ ਅਜਿਹਾ ਨਹੀਂ ਸੀ ਜਿਸ ਦੀਆਂ ਅੱਖਾਂ ਨਮ ਨਾ ਹੋਈਆਂ ਹੋਣ। ਆਯੋਜਕਾਂ ਨੇ ਛੋਟੀ ਮੁਸਕਰਾਉਂਦੀ ਸ਼ੇਰਿਨ ਦਾ ਇਕ ਯਾਦਗਾਰ ਵੀਡੀਓ ਵੀ ਬਣਾਇਆ। ਬਾਅਦ ਵਿਚ ਮੈਂਬਰ ਬੈਂਚ ਤੱਕ ਗਏ ਅਤੇ ਉਸ ਨੂੰ ਸ਼ਰਧਾਂਜਲੀ ਦਿੱਤੀ। ਸ਼ੇਰਿਨ ਨੂੰ ਅੰਤਿਮ ਸ਼ਰਧਾਂਜਲੀ ਦੇ ਤੌਰ ’ਤੇ ਕਬੂਤਰਾਂ ਨੂੰ ਉਡਾਇਆ ਗਿਆ ਅਤੇ ਦਾਨ ਕਰਨ ਲਈ ਕੁਝ ਖਿਡੌਣੇ ਵੀ ਇਕੱਠੇ ਕੀਤੇ।

ਆਪਣੇ ਹੰਝੂਆਂ ਨੂੰ ਪੂੰਜਦੇ ਹੋਏ ਸਮਾਰਕ ਦੀ ਆਯੋਜਕ ਸ਼ੈਰੀ ਬਲਾਕ ਨੇ ਕਿਹਾ ਕਿ ਉਹ ਹਮੇਸ਼ਾ ਸਾਡੇ ਦਿਲਾਂ ਵਿਚ ਜ਼ਿੰਦਾ ਰਹੇਗੀ ਅਤੇ ਇਕ ਬੱਚੀ ਲਈ ਥਾਂ ਮੁਹੱਈਆ ਕਰਵਾਉਣਾ ਅਸਲ ਵਿਚ ਬਹੁਤ ਮਾਇਨੇ ਰਖਦਾ ਹੈ। ਅੱਜ ਤੋਂ ਪਹਿਲਾਂ ਅਸੀਂ ਕਈ ਲੋਕ ਉਸ ਨੂੰ ਨਹੀਂ ਜਾਣਦੇ ਸੀ ਪਰ ਉਸ ਦੀ ਦਰਦਨਾਕ ਮੌਤ ਤੋਂ ਬਾਅਦ ਜੋ ਲੋਕ ਵੀ ਸ਼ੇਰਿਨ ਲਈ ਸ਼ੋਕਾਕੁਲ ਹਨ ਉਨ੍ਹਾਂ ਨੇ ਆਪਣਾ ਦੁੱਖ ਪ੍ਰਗਟਾਉਣ ਲਈ ਇਕ ਸਥਾਨ ਦੀ ਲੋੜ ਸੀ।