4 ਸਾਲਾ ਬੇਟੇ ਦੀ ਹੱਤਿਆ ਦੇ ਦੋਸ਼ ''ਚ ਭਾਰਤੀ-ਅਮਰੀਕੀ ਔਰਤ ਗ੍ਰਿਫਤਾਰ

03/28/2020 4:26:01 PM

ਹਿਊਸਟਨ(ਆਈ.ਏ.ਐਨ.ਐਸ.)- ਟੈਕਸਾਸ ਦੇ ਸ਼ੁਗਰ ਲੈਂਡ ਦੀ ਰਹਿਣ ਵਾਲੀ ਇਕ ਭਾਰਤੀ-ਅਮਰੀਕੀ ਔਰਤ 'ਤੇ ਉਸਦੇ ਚਾਰ ਸਾਲ ਦੇ ਬੇਟੇ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਇਹ ਚਾਰ ਸਾਲਾ ਬੱਚਾ 21 ਮਾਰਚ ਨੂੰ ਆਪਣੇ ਘਰ ਵਿਚ ਮ੍ਰਿਤ ਮਿਲਿਆ ਸੀ। ਮੀਡੀਆ ਰਿਪੋਰਟਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਕੇ.ਐਚ.ਓ.ਯੂ. ਟੀਵੀ ਦੀ ਰਿਪੋਰਟ ਮੁਤਾਬਕ ਸ਼ੂਗਰ ਲੈਂਡ ਦੇ ਅਧਿਕਾਰੀ ਵੈਥਰਸਟੋਨ ਸਰਕਲ ਦੇ 5200 ਬਲਾਕ ਦੇ ਘਰ ਵਿਚ 21 ਮਾਰਚ ਨੂੰ ਸਵੇਰੇ 10.40 ਵਜੇ ਔਰਤ ਦੇ ਪਤੀ ਦੇ ਘਰ ਆਉਣ ਤੋਂ ਬਾਅਦ ਹਰਕਤ ਵਿਚ ਆਏ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਰੀਤਿਕਾ ਰੋਹਤਗੀ ਅਗਰਵਾਲ (36) ’ਤੇ 10 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦੇ ਕਥਿਤ ਤੌਰ 'ਤੇ ਕਤਲ ਦਾ ਇਲਜ਼ਾਮ ਹੈ। ਉਸ ਦਾ ਬਾਂਡ 950,000 ਡਾਲਰ ਨਿਰਧਾਰਤ ਕੀਤਾ ਗਿਆ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਔਰਤ ਆਪਣੇ ਘਰ ਦੇ ਆਲੇ-ਦੁਆਲੇ ਘੁੰਮ ਰਹੀ ਸੀ ਤੇ ਉਸ ਦੇ ਸਰੀਰ 'ਤੇ ਕਈ ਜ਼ਖਮ ਵੀ ਸਨ ਜਦਕਿ ਉਸ ਦਾ ਬੇਟਾ ਘਰ ਦੇ ਅੰਦਰ ਸੀ। ਰਿਪੋਰਟ ਮੁਤਾਬਕ ਉਸ ਦੀ ਮੌਤ ਗਲੇ ਦੇ ਚਾਕੂ ਦੇ ਗਹਿਰੇ ਜ਼ਖਮਾਂ ਕਾਰਨ ਹੋਈ ਸੀ।

ਰਿਪੋਰਟ ਦੇ ਮੁਤਾਬਕ ਔਰਤ ਨੂੰ ਘਟਨਾ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਂਚ ਅਧਿਕਾਰੀ, ਜੋ ਹਾਲੇ ਵੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ, ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਅਗਰਵਾਲ ਨੇ ਖੁਦ ਆਪਣੇ ਆਪ ਨੂੰ ਜ਼ਖਮੀ ਕੀਤਾ ਹੈ। ਇਕ ਹੋਰ ਸਥਾਨਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਗਰਵਾਲ ਸ਼ਾਇਦ ਮਾਨਸਿਕ ਬਿਮਾਰੀ ਨਾਲ ਪੀੜਤ ਹੈ। 

Baljit Singh

This news is Content Editor Baljit Singh