ਕਦੇ 3 ਡਾਲਰ ਲੈ ਕੇ ਅਮਰੀਕਾ ਗਿਆ ਸੀ ਭਾਰਤੀ, ਅੱਜ ਦਾਨ ''ਚ ਦਿੱਤੇ ਕਰੋੜਾਂ ਡਾਲਰ (ਤਸਵੀਰਾਂ)

06/30/2016 5:29:08 PM

ਵਾਸ਼ਿੰਗਟਨ— ਕਦੇ 3 ਡਾਲਰ ਲੈ ਕੇ ਅਮਰੀਕਾ ਗਏ ਭਾਰਤੀ ਨੇ ਅੱਜ ਉੱਥੋਂ ਦੀ ਯੂਨੀਵਰਸਿਟੀ ਨੂੰ ਕਰੋੜਾਂ ਡਾਲਰ ਦਾਨ ਵਿਚ ਦਿੱਤੇ। ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਅਮਰੀਕੀ ਭੌਤਿਕ ਵਿਗਿਆਨੀ ਮਣੀ ਭੌਮਿਕ ਨੇ ਕੁਦਰਤ ਦੇ ਮੁੱਢਲੇ ਨਿਯਮਾਂ ਦੀ ਜਾਣਕਾਰੀ ਨੂੰ ਅੱਗੇ ਵਧਾਉਣ ਨੂੰ ਸਮਰਪਿਤ ਇਕ ਕੇਂਦਰ ਸਥਾਪਤ ਕਰਨ ਲਈ ਕੈਲੀਫੋਰਨੀਆ ਯੂਨੀਵਰਸਿਟੀ (ਯੂ. ਸੀ. ਐੱਲ. ਏ.) ਨੂੰ 1.1 ਕਰੋੜ ਡਾਲਰ ਦੀ ਰਾਸ਼ੀ ਦਾਨ ਵਿਚ ਦਿੱਤੀ। ਇਹ ਰਾਸ਼ੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਦਾਨ ਵਿਚ ਦਿੱਤੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਹੈ। ਇਸ ਲਈ ਯੂਨੀਵਰਸਿਟੀ ਦੀ ਚਾਂਸਲਰ ਜੀਨ ਬਲਾਕ ਨੇ ਮਣੀ ਭੌਮਿਕ ਦਾ ਧੰਨਵਾਦ ਕੀਤਾ। ਯੂਨੀਵਰਸਿਟੀ ਵਿਚ ਮਣੀ ਲਾਲ ਭੌਮਿਕ ਇੰਸਟੀਚਿਊਟ ਫਾਰ ਥਿਓਰੇਟੀਕਲ ਫਿਜਿਕਸ ਨੂੰ ਸਿਧਾਂਤਕ ਭੌਤਿਕੀ ਦੀ ਖੋਜ ਅਤੇ ਬੌਧਿਕ ਜਾਂਚ ਲਈ ਵਿਸ਼ਵ ਦਾ ਮੁੱਖ ਕੇਂਦਰ ਬਣਾਇਆ ਜਾਵੇਗਾ।
ਪੱਛਮੀ ਬੰਗਾਲ ਦੇ ਇੱਕ ਪਿੰਡ ਵਿਚ ਪੈਦਾ ਹੋਏ ਭੌਮਿਕ ਇਕ ਬੇਹੱਦ ਗਰੀਬ ਪਰਿਵਾਰ ਤੋਂ ਉੱਠ ਕੇ ਵਿਗਿਆਨੀ ਬਣੇ ਸਨ। ਉਨ੍ਹਾਂ ਦਾ ਬਚਪਨ ਬੇਹੱਦ ਗਰੀਬੀ ਵਿਚ ਬੀਤਿਆ। ਭੌਮਿਕ ਆਪਣੇ ਮਾਤਾ-ਪਿਤਾ ਅਤੇ ਛੇ ਭੈਣ-ਭਰਾਵਾਂ ਸਮੇਤ ਛੱਪਰਾਂ ਵਾਲੀ ਛੱਤ ਵਾਲੀ ਝੌਂਪੜੀ ਵਿਚ ਰਹਿੰਦੇ ਸਨ। ਉਨ੍ਹਾਂ ਨੇ ਲੇਜ਼ਰ ਤਕਨੀਕ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ''ਲੇਸਿਕ ਆਈ ਸਰਜਰੀ'' (ਅੱੱਖਾਂ ਦੇ ਲੇਸਿਕ ਆਪ੍ਰੇਸ਼ਨ) ਦਾ ਰਸਤਾ ਖੁੱਲ੍ਹ ਗਿਆ। ਭੌਮਿਕ 1958 ਵਿਚ ਆਈ. ਆਈ. ਟੀ. ਖੜਗਪੁਰ ਤੋਂ ਫਿਜੀਕਸ ਵਿਚ ਡਾਕਟਰੇਟ ਕਰਨ ਵਾਲੇ ਪਹਿਲੇ ਵਿਦਿਆਰਥੀ ਸਨ। ਉਹ 1959 ਵਿਚ ਯੂ. ਸੀ. ਐੱਲ. ਏ. ਆਏ ਸਨ। ਉਹ ਸਲੋਨ ਫਾਊਂਡੇਸ਼ਨ ਦੀ ਪੋਸਟ ਡਾਕਟਰਲ ਫੈਲੋਸ਼ਿਪ ''ਤੇ ਅਮਰੀਕਾ ਆਏ ਸਨ। ਅਮੇਰੀਕਨ ਫਿਜੀਕਲ ਸੋਸਾਇਟੀ ਅਤੇ ਇੰਸਟੀਚਿਊਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਸ ਦੇ ਫੈਲੋ ਭੌਮਿਕ ਨੂੰ 2011 ਵਿਚ ਭਾਰਤ ਨੇ ਪਦਮਸ਼੍ਰੀ ਨਾਲ ਨਿਵਾਜ਼ਿਆ ਸੀ।

Kulvinder Mahi

This news is News Editor Kulvinder Mahi