ਵਿਦੇਸ਼ਾਂ ''ਚ ਪ੍ਰਵਾਸ ਕਰਨ ਵਾਲੇ ਲੋਕਾਂ ਦੇ ਮਾਮਲੇ ''ਚ ਭਾਰਤ ਸਭ ਤੋਂ ਅੱਗੇ

12/19/2017 4:31:03 PM

ਸੰਯੁਕਤ ਰਾਸ਼ਟਰ(ਭਾਸ਼ਾ)— ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਦੇ ਮਾਮਲੇ ਵਿਚ ਭਾਰਤ ਸਭ ਤੋਂ ਅੱਗੇ ਹੈ, ਇੱਥੋਂ ਦੇ 1.70 ਕਰੋੜ ਲੋਕ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਜਾ ਵਸੇ ਹਨ। ਇਨ੍ਹਾਂ ਵਿਚੋਂ 50 ਲੱਖ ਲੋਕ ਖਾੜੀ ਖੇਤਰਾਂ ਵਿਚ ਰਹਿੰਦੇ ਹਨ। ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਸਾਲ 2017 ਲਈ ਜਾਰੀ ਕੀਤੀ ਗਈ ਕੌਮਾਂਤਰੀ ਪ੍ਰਵਾਸ ਰਿਪੋਰਟ ਮੁਤਾਬਕ ਮੈਕਸੀਕੋ, ਰੂਸ, ਚੀਨ, ਬੰਗਲਾਦੇਸ਼, ਸੀਰੀਆ, ਪਾਕਿਸਤਾਨ ਅਤੇ ਯੂਕ੍ਰੇਨ ਵਿਚ ਵੀ ਪ੍ਰਵਾਸੀਆਂ ਦੀ ਵੱਡੀ ਗਿਣਤੀ ਹੈ, ਜੋ ਵਿਦੇਸ਼ਾਂ ਵਿਚ ਰਹਿੰਦੀ ਹੈ। ਇਨ੍ਹਾਂ ਦੇਸ਼ਾਂ ਦੇ 60 ਲੱਖ 'ਤੋਂ 1.10 ਕਰੋੜ ਲੋਕ ਦੂਜੇ ਦੇਸ਼ ਵਿਚ ਨਿਵਾਸ ਕਰਦੇ ਹਨ।
ਸਾਲ 2017 ਵਿਚ ਭਾਰਤ ਵਿਚੋਂ ਸਭ ਤੋਂ ਜ਼ਿਆਦਾ 1.70 ਕਰੋੜ ਲੋਕ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਵਿਚ ਜਾ ਵਸੇ। ਮੈਕਸੀਕੋ ਦੂਜੇ ਨੰਬਰ 'ਤੇ ਰਿਹਾ, ਜਿਸ ਦੇ 1.30 ਕਰੋੜ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ। ਵੱਡੀ ਪ੍ਰਵਾਸੀ ਜਨ-ਸੰਖਿਆ ਵਾਲੇ ਹੋਰ ਦੇਸ਼ਾਂ ਵਿਚ ਰੂਸ ਜਿਸ ਦੇ 1 ਕਰੋੜ 10 ਲੱਖ ਲੋਕ, ਚੀਨ ਜਿਸ ਦੇ 1 ਕਰੋੜ ਲੋਕ, ਬੰਗਲਾਦੇਸ਼ ਅਤੇ ਸੀਰੀਆ ਦੇ 70 ਲੱਖ ਲੋਕ ਅਤੇ ਪਾਕਿਸਤਾਨ ਅਤੇ ਯੂਕ੍ਰੇਨ ਦੇ 60-60 ਲੱਖ ਲੋਕ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਰਹਿੰਦੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਦੇ ਪ੍ਰਵਾਸੀ ਕਈ ਦੇਸ਼ਾਂ ਵਿਚ ਨਿਵਾਸ ਕਰਦੇ ਹਨ, ਜਿਨ੍ਹਾਂ ਵਿਚ ਸੰਯੁਕਤ ਅਰਬ ਅਮੀਰਾਤ ਵਿਚ 30 ਲੱਖ ਲੋਕ, ਅਮਰੀਕਾ ਅਤੇ ਸਾਊਦੀ ਅਰਬ ਵਿਚ 20 ਲੱਖ ਲੋਕ ਰਹਿੰਦੇ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਅੰਦਾਜ਼ੇ ਮੁਤਾਬਕ ਹੁਣ ਕਰੀਬ 25.80 ਕਰੋੜ ਲੋਕ ਆਪਣੇ ਜਨਮ ਦੇ ਦੇਸ਼ (ਜਨਮ ਭੂਮੀ) ਨੂੰ ਛੱਡ ਕੇ ਦੂਜੇ ਦੇਸ਼ਾਂ ਵਿਚ ਰਹਿ ਰਹੇ ਹਨ। ਸਾਲ 2000 ਤੋਂ ਬਾਅਦ ਤੋਂ ਇਨ੍ਹਾਂ ਅੰਕੜਿਆਂ ਵਿਚ 49 ਪ੍ਰਤੀਸ਼ਤ ਵਾਧਾ ਹੋਇਆ ਹੈ।