ਭਾਰਤ- ਪਾਕਿ ਦੇ ਲੋਕ ਸ਼ਾਂਤੀ ਚਾਹੁੰਦੇ ਹਨ, ਜੰਗ ਨਹੀਂ : ਰਮੇਸ਼ ਯਾਦਵ

06/25/2019 11:21:07 AM

ਮੈਲਬੋਰਨ, (ਮਨਦੀਪ ਸਿੰਘ ਸੈਣੀ)— ਪਿਛਲੇ ਕਈ ਸਾਲਾਂ ਤੋਂ ਭਾਰਤ-ਪਾਕਿਸਤਾਨ ਦੇ ਆਪਸੀ ਸੰਬੰਧਾਂ ਨੂੰ ਸੁਖਾਵਾ ਬਣਾਉਣ ਲਈ ਯਤਨਸ਼ੀਲ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਅੱਜ-ਕੱਲ ਆਸਟ੍ਰੇਲੀਆ ਦੌਰੇ 'ਤੇ ਹਨ। ਮੈਲਬੋਰਨ 'ਚ ਸਰਵਣ ਸੰਧੂ ਅਤੇ ਗੁਰਪ੍ਰੀਤ ਘਰਿੰਡੀ ਵੱਲੋਂ ਰੱਖੇ ਗਏ ਇੱਕ ਰੂ-ਬ-ਰੂ ਸਗਾਗਮ 'ਚ ਹਾਜ਼ਰ ਰਮੇਸ਼ ਯਾਦਵ ਨੇ ਬੋਲਦਿਆਂ ਕਿਹਾ ਕਿ ਭਾਰਤ-ਪਕਿਸਤਾਨ ਦੇ ਲੋਕ ਦੋਹਾਂ ਮੁਲਕਾਂ ਵਿੱਚ ਅਮਨ ਅਤੇ ਪਿਆਰ ਚਾਹੁੰਦੇ ਹਨ ਤੇ ਪੁਲਵਾਮਾ ਹਮਲੇ ਵਰਗੀਆਂ ਘਟਨਾਵਾਂ ਸ਼ਾਂਤੀ ਦੇ ਰਾਹ ਵਿੱਚ ਅੜਿੱਕਾ ਨਹੀ ਬਣ ਸਕਦੀਆਂ। ਉਨ੍ਹਾਂ ਦੱਸਿਆਂ ਕਿ ਉਹ ਸਾਲ 1995 ਤੋਂ ਲਗਾਤਾਰ ਵਾਹਗਾ ਬਾਰਡਰ ਤੇ ਮੋਮਬੱਤੀਆਂ ਜਗਾ ਕੇ ਸ਼ਾਂਤੀ ਦਾ ਹੋਕਾ ਦਿੰਦੇ ਆਏ ਹਨ। ਹਰ ਵਰ੍ਹੇ ਵਾਹਗਾ ਬਾਰਡਰ 'ਤੇ ਮਨਾਏ ਜਾਂਦੇ ਆਜ਼ਾਦੀ ਦਿਹਾੜੇ ਤੇ ਦੋਵਾਂ ਪਾਸਿਓਂ ਲੋਕਾਂ ਵੱਲੋਂ ਮੋਮਬੱਤੀਆਂ ਜਗਾ ਕੇ ਸ਼ਾਂਤੀ ਦੀ ਮੰਗ ਕਰਨਾ ਗਵਾਹੀ ਭਰਦਾ ਹੈ ਕਿ ਦੋਵਾਂ ਮੁਲਕਾਂ ਦੇ ਲੋਕ ਅਮਨ-ਚੈਨ ਚਾਹੁੰਦੇ ਹਨ, ਜੰਗ ਨਹੀਂ।

ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਦੇ ਨਿੱਜੀ ਮੁਫਾਦਾਂ ਕਰਕੇ ਦੋਹਾਂ ਮੁਲਕਾਂ ਦੇ ਬਾਸ਼ਿੰਦਿਆਂ ਨੂੰ ਵਪਾਰਕ ਤੌਰ 'ਤੇ ਨੁਕਸਾਨ ਹੋ ਰਿਹਾ ਹੈ, ਜਿਸ ਦਾ ਨੁਕਸਾਨ ਮਛੇਰੇ ਤੇ ਛੋਟੇ ਕਾਰੋਬਾਰਾਂ ਵਾਲੇ ਲੋਕ ਭੁਗਤ ਰਹੇ ਹਨ। ਉਨ੍ਹਾਂ ਆਸਟ੍ਰੇਲੀਆ 'ਚ ਰਹਿ ਰਹੇ ਭਾਰਤ-ਪਾਕਿਸਤਾਨ ਖਿੱਤਿਆਂ ਵਿੱਚ ਸ਼ਾਂਤੀ ਚਾਹੁਣ ਵਾਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਲੀਡਰਾਂ ਤੱਕ ਅਮਨ ਚੈਨ ਨਾਲ ਰਹਿਣ ਦਾ ਸੁਨੇਹਾ ਪਹੁੰਚਾਉਣ ਤਾਂ ਜੋ ਦੋਵਾਂ ਮੁਲਕਾਂ ਦੇ ਲੋਕ ਬਿਨਾ ਕਿਸੇ ਡਰ ਭੈਅ ਆਪਣੀ ਜ਼ਿੰਦਗੀ ਜੀਅ ਸਕਣ। ਇਸ ਮੌਕੇ ਨਵਦੀਪ ਮਾਲੋਵਾਲ, ਸੁਖਬੀਰ ਸੰਧੂ, ਹਰਪਾਲ ਸੰਧੂ, ਰੁਚਿਕਾ ਤਲਵਾੜ, ਜ਼ੀਸ਼ਾਨ ਜ਼ਾਦਾਨੀ, ਸਮੇਤ ਪੰਜਾਬੀ ਅਤੇ ਪਾਕਿਸਤਾਨੀ ਮੀਡੀਆ ਦੇ ਲੋਕ ਹਾਜ਼ਰ ਸਨ ਅਤੇ ਹਾਜ਼ਰ ਮਹਿਮਾਨਾਂ ਵੱਲੋਂ ਨਾਮੀ ਲੇਖਕਾਂ ਦੀਆਂ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ।