ਉਨੀਂਦਰੇ ਤੋਂ ਪੀੜਤ ਲੋਕਾਂ ’ਚ ਹਾਰਟ ਅਟੈਕ ਦਾ ਵੱਧ ਖਤਰਾ

11/12/2019 11:05:53 PM

ਲੰਡਨ (ਏਜੰਸੀ)– ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਬੀਮਾਰੀ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਤੁਹਾਨੂੰ ਹਾਰਟ ਅਟੈਕ ਅਤੇ ਸਟਰੋਕ ਦਾ ਜ਼ਿਆਦਾ ਖਤਰਾ ਹੋ ਸਕਦਾ ਹੈ। ਇਕ ਹਾਲੀਆ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ। ਵਿਗਿਆਨੀਆਂ ਨੇ ਇਸ ਸਬੰਧੀ ਖੋਜ ਕੀਤੀ ਤੇ ਪਤਾ ਲੱਗਾ ਕਿ ਨੀਂਦ ਨਾ ਆਉਣ ਦੀ ਬੀਮਾਰੀ ਤੋਂ ਪੀੜਤ ਲੋਕਾਂ ’ਚ ਹਾਰਟ ਅਟੈਕ ਅਤੇ ਸਟਰੋਕ ਦਾ ਖਤਰਾ ਹੋਰ ਲੋਕਾਂ ਦੀ ਤੁਲਨਾ ’ਚ 20 ਫੀਸਦੀ ਜ਼ਿਆਦਾ ਸੀ।
ਸਰੀਰਕ ਪ੍ਰਣਾਲੀਆਂ ’ਚ ਹੋ ਜਾਂਦਾ ਹੈ ਬਦਲਾਅ
ਚੀਨ ’ਚ ਕੀਤੀ ਖੋਜ ਨਾਲ ਪਹਿਲਾਂ ਦੀਆਂ ਉਨ੍ਹਾਂ ਖੋਜਾਂ ਨੂੰ ਬਲ ਮਿਲਦਾ ਹੈ, ਜਿਸ ’ਚ ਨੀਂਦ ਦੀ ਕਮੀ ਦਾ ਖਰਾਬ ਸਿਹਤ ਦੇ ਨਾਲ ਸਬੰਧ ਸਥਾਪਿਤ ਕੀਤਾ ਗਿਆ ਹੈ। ਖੋਜਕਾਰਾਂ ਅਨੁਸਾਰ ਹਰ ਤਿੰਨ ’ਚੋਂ ਇਕ ਵਿਅਕਤੀ ਨੀਂਦ ਨਾ ਆਉਣ ਦੀ ਬੀਮਾਰੀ ਤੋਂ ਪੀੜਤ ਹੈ ਅਤੇ ਉਸ ਦੀਆਂ ਸਰੀਰਕ ਕਾਰਜ ਪ੍ਰਣਾਲੀਆਂ ’ਚ ਵੀ ਬਦਲਾਅ ਆ ਜਾਂਦਾ ਹੈ।
ਇਸ ਤਰ੍ਹਾਂ ਕੀਤੀ ਗਈ ਖੋਜ
ਮਾਹਿਰਾਂ ਦਾ ਮੰਨਣਾ ਹੈ ਕਿ ਨੀਂਦ ਦੀ ਕਮੀ ਨਾਲ ਬਲੱਡ ਪ੍ਰੈਸ਼ਰ ’ਚ ਵਾਧਾ ਹੁੰਦਾ ਹੈ ਅਤੇ ਇਹ ਪਾਚਣ ਕਿਰਿਆ ’ਚ ਰੁਕਾਵਟ ਪਾਉਂਦਾ ਹੈ। ਇਨ੍ਹਾਂ ਦੋਵੇਂ ਹੀ ਕਾਰਣਾਂ ਨਾਲ ਦਿਲ ਸਬੰਧੀ ਬੀਮਾਰੀਆਂ ਹੁੰਦੀਆਂ ਹਨ। ਚੀਨੀ ਖੋਜਕਾਰਾਂ ਨੇ 5 ਲੱਖ ਲੋਕਾਂ ਨੂੰ 10 ਸਾਲ ਤਕ ਨਿਗਰਾਨੀ ’ਚ ਰੱਖਿਆ। ਇਨ੍ਹਾਂ ਸਾਰੇ ਲੋਕਾਂ ਦੀ ਔਸਤ ਉਮਰ 51 ਸਾਲ ਸੀ ਅਤੇ ਇਨ੍ਹਾਂ ’ਚ ਦਿਲ ਦੀਆਂ ਬੀਮਾਰੀਆਂ ਦਾ ਕੋਈ ਇਤਿਹਾਸ ਨਹੀਂ ਸੀ।
ਬਿਹੇਵਰੀਅਲ ਥੈਰੇਪੀ ਨਾਲ ਹੋ ਸਕਦਾ ਹੈ ਇਲਾਜ
ਬੀਜਿੰਗ ਯੂਨੀਵਰਸਿਟੀ ਦੇ ਮੁੱਖ ਖੋਜਕਾਰ ਲੀ ਨੇ ਕਿਹਾ, ਇਸ ਖੋਜ ਤੋਂ ਸੁਝਾਅ ਮਿਲਦਾ ਹੈ ਕਿ ਜੇਕਰ ਅਸੀਂ ਨੀਂਦ ਨਾ ਆਉਣ ਦੀ ਬੀਮਾਰੀ ਤੋਂ ਪੀੜਤ ਲੋਕਾਂ ਦਾ ਇਲਾਜ ਬਿਹੇਵਰੀਅਲ ਥੈਰੇਪੀ ਨਾਲ ਕਰੀਏ ਤਾਂ ਹਾਰਟ ਅਟੈਕ ਅਤੇ ਹੋਰ ਬੀਮਾਰੀਆਂ ਦੀ ਗਿਣਤੀ ’ਚ ਕਮੀ ਲਿਆ ਸਕਦੇ ਹਾਂ। ਯੂਨੀਵਰਸਿਟੀ ਆਫ ਕੋਲੋਰਾਡੋ ਦੀ ਇਕ ਖੋਜ ਅਨੁਸਾਰ ਜੋ ਲੋਕ ਦਿਨ ’ਚ ਸਿਰਫ 5 ਘੰਟੇ ਸੌਂਦੇ ਹਨ, ਉਨ੍ਹਾਂ ’ਚ ਹਾਰਟ ਅਟੈਕ ਦਾ ਖਤਰਾ 52 ਫੀਸਦੀ ਤਕ ਵੱਧ ਜਾਂਦਾ ਹੈ।

Sunny Mehra

This news is Content Editor Sunny Mehra