8 ਦਿਨ ਤੱਕ ਬਲਣ ਮਗਰੋਂ ਡੁੱਬਿਆ ਈਰਾਨੀ ਤੇਲ ਟੈਂਕਰ

01/15/2018 4:27:10 PM

ਬੀਜਿੰਗ (ਬਿਊਰੋ)— ਪੂਰਬੀ ਚੀਨ ਸਮੁੰਦਰ ਵਿਚ ਕਰੀਬ 8 ਦਿਨ ਤੱਕ ਬਲਣ ਮਗਰੋਂ ਈਰਾਨੀ ਤੇਲ ਟੈਂਕਰ ਸਾਗਰ ਵਿਚ ਡੁੱਬ ਗਿਆ। ਇਸ ਘਟਨਾ ਮਗਰੋਂ ਕਰੀਬ 10 ਮੀਲ ਤੱਕ ਦੇ ਇਲਾਕੇ ਵਿਚ ਸਮੁੰਦਰ ਦੀ ਸਤ੍ਹਾ 'ਤੇ ਤੇਲ ਫੈਲ ਗਿਆ ਹੈ। ਇਸ ਨਾਲ ਵਾਤਾਵਰਣ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਬਣ ਗਈ ਹੈ। ਤੇਲ ਬਲਣ ਕਾਰਨ ਪੈਦਾ ਹੋਇਆ ਧੂੰਏਂ ਦਾ ਗੁਬਾਰ ਹਾਲੇ ਵੀ ਇਲਾਕੇ ਉੱਪਰ ਬਣਿਆ ਹੋਇਆ ਹੈ। ਚੀਨ ਦੀ ਸਮਾਚਾਰ ਏਜੰਸੀ ਮੁਤਾਬਕ ਸਮੁੰਦਰ ਵਿਚ 10 ਮੀਲ ਲੰਬਾਈ ਵਿਚ ਫੈਲਿਆ ਤੇਲ ਇਕ ਤੋਂ ਚਾਰ ਮੀਲ ਤੱਕ ਦੀ ਚੌੜਾਈ ਵਿਚ ਹੈ। ਇਸ ਨਾਲ ਮੱਛੀਆਂ, ਪੰਛੀਆਂ ਅਤੇ ਹੋਰ ਜੀਵਾਂ ਦੇ ਜੀਵਨ ਨੂੰ ਖਤਰਾ ਪੈਦਾ ਹੋ ਗਿਆ ਹੈ। 
ਐਤਵਾਰ ਨੰ ਟੈਂਕਰ ਡੁੱਬਣ ਮਗਰੋਂ ਉਸ ਵਿਚ ਭਰੇ ਤੇਲ ਦੇ ਫੈਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਮੁੰਦਰ ਤਲ ਤੋਂ ਤੇਲ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਟੈਕਰ ਦੇ ਚਾਲਕ ਦਲ ਦੇ ਸਾਰੇ 32 ਮੈਂਬਰਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚੋਂ 3 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਈਰਾਨ ਦੇ ਕੁਝ ਯਾਤਰੀਆਂ ਦੇ ਵੀ ਮਾਰੇ ਜਾਣ ਦੀ ਸੰਭਾਵਨਾ ਹੈ। ਇਸ ਦੇ ਬਾਵਜੂਦ ਵੀ ਬਚਾਅ ਮੁਹਿੰਮ ਜਾਰੀ ਹੈ। ਇਹ ਹਾਦਸਾ ਚੀਨ ਦੀ ਜਲ ਸੀਮਾ ਵਿਚ ਹੋਇਆ ਸੀ ਪਰ ਤੇਜ਼ ਹਵਾ ਕਾਰਨ ਤੇਲ ਟੈਂਕਰ ਪਾਣੀ ਨਾਲ ਵਹਿੰਦਾ ਹੋਇਆ 25 ਮੀਲ ਦੂਰ ਜਾਪਾਨ ਦੀ ਜਲ ਸੀਮਾ ਵਿਚ ਪਹੁੰਚ ਗਿਆ ਸੀ।