ਕੈਨੇਡਾ ਦੇ ਇਸ ਸ਼ਹਿਰ ''ਚ ਜੁਰਮਾਨੇ ਦੀ ਰਕਮ ਦੀ ਥਾਂ ਦੇਣੇ ਪੈਂਦੇ ਨੇ ਖਿਡੌਣੇ, ਦਿਲਚਸਪ ਹੈ ਕਾਰਨ

11/23/2017 12:59:44 AM

ਬਰੈਂਪਟਨ—ਬਰੈਂਪਟਨ ਵਿਖੇ ਇਕ ਵਿਲੱਖਣ ਉਪਰਾਲੇ ਤਹਿਤ 27 ਨਵੰਬਰ ਤੋਂ 1 ਦਸੰਬਰ ਦਰਮਿਆਨ ਟਿਕਟ ਹਾਸਲ ਕਰਨ ਵਾਲੇ ਡਰਾਈਵਰ ਖਿਡੌਣੇ ਦੇ ਰੂਪ 'ਚ ਅਦਾਇਗੀ ਕਰ ਸਕਣਗੇ। ਬਰੈਂਪਟਨ ਕੌਂਸਲ ਨੇ ਪਾਰਕਿੰਗ ਟਿਕਟਾਂ ਨੂੰ ਸਥਾਨਕ ਬੱਚਿਆਂ ਲਈ ਤੋਹਫ਼ਿਆਂ 'ਚ ਤਬਦੀਲ ਕਰਨ ਦੀ ਸਾਲਾਨਾ ਮੁਹਿੰਮ ਬਾਰੇ ਮਤੇ 'ਤੇ ਦਸਤਖਤ ਕਰ ਦਿੱਤੇ ਹਨ। 27 ਨਵੰਬਰ ਤੋਂ 1 ਦਸੰਬਰ ਦਰਮਿਆਨ ਟਿਕਟ ਹਾਸਲ ਕਰਨ ਵਾਲੇ ਡਰਾਈਵਰ ਨਕਦ ਅਦਾਇਗੀ ਦੀ ਬਜਾਏ ਬੱਚਿਆਂ ਦੇ ਖਿਡੌਣੇ ਜਾਂ ਗਿਫ਼ਟ ਕਾਰਡ ਦਾਨ ਕਰ ਸਕਦੇ ਹਨ ਜਿਨ੍ਹਾਂ ਦੀ ਕੀਮਤ ਜੁਰਮਾਨੇ ਦੀ ਰਕਮ ਦੇ ਬਰਾਬਰ ਹੋਵੇ। ਕੌਂਸਲ ਵੱਲੋਂ ਪ੍ਰਵਾਨ ਕੀਤੇ ਗਏ ਮਤੇ ਮੁਤਾਬਕ, ''ਮਿਊਂਸਪੈਲਟੀ ਸਾਹਮਣੇ ਲਗਾਤਾਰ ਆਉਣ ਵਾਲੇ ਮਸਲਿਆਂ 'ਚ ਪਾਰਕਿੰਗ ਨੂੰ ਤਰਤੀਬਵਾਰ ਕਰਨਾ ਪ੍ਰਮੁੱਖ ਹੁੰਦਾ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਲੋਕ ਪਾਰਕਿੰਗ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਅਜਿਹੀ ਸੂਰਤ 'ਚ ਪਾਰਕਿੰਗ ਉਪ ਕਾਨੂੰਨਾਂ ਨੂੰ ਲਾਗੂ ਕਰਨਾ ਲਾਜ਼ਮੀ ਹੈ। 'ਟਿਕਟਾਂ ਦੇ ਬਦਲੇ ਖਿਡੌਣੇ ਇਕ ਅਜਿਹੀ ਪਹਿਲਕਦਮੀ ਹੈ ਜੋ ਪਿਛਲੇ ਕਈ ਵਰ੍ਹਿਆਂ ਤੋਂ ਓਨਟਾਰੀਓ ਦੀਆਂ ਮਿਊਂਪਸਪੈਲਟੀਜ਼ ਦੁਆਰਾ ਅਪਣਾਈ ਜਾ ਰਹੀ ਹੈ। ਬਰੈਂਪਟਨ ਦੀ ਕੌਂਸਲ ਵੱਲੋਂ ਵੀ ਹੋਰਨਾਂ ਮਿਊਂਸਪੈਲਟੀਜ਼ ਦੇ ਨਕਸ਼-ਏ-ਕਦਮ 'ਤੇ ਚਲਦਿਆਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਟਿਕਟਾਂ ਦੇ ਜੁਰਮਾਨੇ ਦੇ ਰੂਪ 'ਚ ਆਉਣ ਵਾਲੀ ਤਿੰਨ ਤੋਂ ਪੰਜ ਫੀਸਦੀ ਰਕਮ ਖਿਡੌਣਿਆਂ ਅਤੇ ਗਿਫਟ ਕਾਰਡਜ਼ ਦੇ ਰੂਪ 'ਚ ਆਉਂਦੀ ਹੈ। ਇਸ ਯੋਜਨਾ ਰਾਹੀਂ ਹਾਂਪੱਖੀ ਨਤੀਜੇ ਸਾਹਮਣੇ ਆਉਂਦੇ ਹਨ ਕਿਉਂਕਿ ਆਮ ਤੌਰ 'ਤੇ ਛੁੱਟੀਆਂ ਦੇ ਮੌਸਮ ਦੌਰਾਨ ਕਮਿਊਨਿਟੀ ਦੇ ਲੋਕਾਂ ਦੀ ਮਦਦ ਨੂੰ ਨਾਂਹਪੱਖੀ ਰੂਪ 'ਚ ਲਿਆ ਜਾਂਦਾ ਹੈ। ਖਿਡੌਣਿਆਂ ਦੇ ਰੂਪ 'ਚ ਜੁਰਮਾਨਾ ਅਦਾ ਕਰਨ ਦੇ ਇੱਛਕ ਬਰੈਂਪਟਨ ਵਾਸੀ ਸਿਟੀ ਹਾਲ ਜਾਂ 485 ਕ੍ਰਾਈਸਲਰ ਡਰਾਈਵ ਵਿਖੇ 27 ਨਵੰਬਰ ਤੋਂ 1 ਦਸੰਬਰ ਦਰਮਿਆਨ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.30 ਵਜੇ ਤੋਂ 4.30 ਵਜੇ ਤਕ ਆਪੋ ਆਪਣੇ ਤੋਹਫੇ ਪਹੁੰਚਾ ਸਕਦੇ ਹਨ। ਬਗੈਰ ਇਜਾਜ਼ਤ ਤੋਂ ਪਾਰਕਿੰਗ ਸਥਾਨ 'ਤੇ ਗੱਡੀ ਖੜੀ ਕਰਨ, ਲੋਡਿੰਗ ਜ਼ੋਨ 'ਚ ਗੱਡੀ ਖੜੀ ਕਰਨ, ਫਾਇਰ ਸਰਵਿਸ ਰੂਟ 'ਤੇ ਗੱਡੀ ਖੜੀ ਕਰਨ ਜਾਂ ਕਿਸੇ ਦੀ ਨਿਜੀ ਜਾਇਦਾਦ 'ਚ ਗੱਡੀ ਖੜ੍ਹੀ ਕਰਨ 'ਤੇ ਪਾਰਕਿੰਗ ਟਿਕਟ ਹਾਸਲ ਕਰਨ ਵਾਲੇ ਇਸ ਯੋਜਨਾ 'ਚ ਸ਼ਾਮਲ ਹੋਣ ਦੇ ਯੋਗ ਹੋਣਗੇ।