ਬੰਦ ਕਾਰ ''ਚ ਹੁਣ ਨਹੀਂ ਹੋਵੇਗੀ ਬੱਚਿਆਂ ਦੀ ਮੌਤ, ਮਦਦ ਕਰੇਗਾ ਇਹ ਡਿਵਾਈਸ

06/21/2017 11:54:07 AM

ਵਾਸ਼ਿੰਗਟਨ— ਅੰਕੜਿਆਂ ਮੁਤਾਬਕ ਇੱਕਲੇ ਅਮਰੀਕਾ 'ਚ ਸਾਲ 1998 ਤੋਂ ਹੁਣ ਤੱਕ ਕਰੀਬ 712 ਬੱਚਿਆਂ ਦੀ ਮੌਤ ਗੱਡੀਆਂ 'ਚ ਛੱਡ ਦੇਣ ਕਾਰਨ ਅਤੇ ਉਨ੍ਹਾਂ 'ਚ ਪੈਦਾ ਹੋਈ ਗਰਮੀ ਨਾਲ ਹੋ ਚੁੱਕੀ ਹੈ। ਦੁਨੀਆ ਭਰ 'ਚ ਹਰ ਸਾਲ ਇਸ ਕਾਰਨ ਕਿੰਨੇ ਬੱਚੇ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਪਰ ਸ਼ੁਕਰ ਹੈ ਮੈਕਿਨੀ, ਟੇਕਸਾਸ ਦੇ ਰਹਿਣ ਵਾਲੇ ਦੱਸ ਸਾਲ ਦੇ ਬਿਸ਼ਪ ਕਰੀ ਦਾ ਜਿਸ ਨੇ ਇਕ ਅਜਿਹਾ ਆਈਡਿਆ ਦਿੱਤਾ ਹੈ, ਜਿਸ ਨਾਲ ਬੱਚਿਆਂ ਦੀ ਇਸ ਤਰ੍ਹਾਂ ਹੁੰਦੀ ਮੌਤ ਨੂੰ ਰੋਕਿਆ ਜਾ ਸਕਦਾ ਹੈ।
ਪੰਜਵੀ ਜਮਾਤ 'ਚ ਪੜ੍ਹਨ ਵਾਲੇ ਬਿਸ਼ਪ ਨੇ ਓ. ਏ. ਸਿਸ. ਨਾਂ ਦੀ ਇਕ ਡਿਵਾਈਸ ਦਾ ਪ੍ਰੋਟੋਟਾਈਪ ਬਣਾਇਆ ਹੈ। ਇਹ ਕਾਰ ਦੇ ਅੰਦਰ ਦੇ ਤਾਪਮਾਨ 'ਤੇ ਨਜ਼ਰ ਰੱਖੇਗਾ ਅਤੇ ਉਸਦੇ ਇਕ ਨਿਸ਼ਚਿਤ ਪੱਧਰ ਤੱਕ ਪਹੁੰਚਣ ਮਗਰੋਂ ਠੰਡੀ ਹਵਾ ਸੁੱਟੇਗਾ। ਇਸ ਦੇ ਇਲਾਵਾ ਇਸ 'ਚ ਇਕ ਐਂਟੀਨਾ ਵੀ ਲੱਗਿਆ ਹੋਵੇਗਾ, ਜੋ ਬੱਚੇ ਦੇ ਮਾਤਾ-ਪਿਤਾ ਅਤੇ ਅਧਿਕਾਰੀਆਂ ਨੂੰ ਸਾਵਧਾਨ ਕਰੇਗਾ।
ਬਿਸ਼ਪ ਮੁਤਾਬਕ ਉਸ ਨੂੰ ਓ. ਏ. ਸਿਸ. ਬਣਾਉਣ ਦਾ ਆਈਡਿਆ ਉਸ ਸਮੇਂ ਆਇਆ, ਜਦੋਂ ਉਸ ਦੇ ਗੁਆਂਢੀ ਦੇ ਛੇ ਮਹੀਨੇ ਦੇ ਬੱਚੇ ਦੀ ਕਾਰ 'ਚ ਗਰਮੀ ਨਾਲ ਹੋਈ ਮੌਤ ਬਾਰੇ ਉਸ ਨੂੰ ਪਤਾ ਚੱਲਿਆ ਸੀ। ਹਾਲਾਂਕਿ, ਹਾਲੇ ਡਿਵਾਇਸ ਦਾ 3-ਡੀ ਪ੍ਰੋਟੋਟਾਈਪ ਉਸ ਨੇ ਕਲੇ ਮਤਲਬ ਮਿੱਟੀ ਦਾ ਬਣਾਇਆ ਹੈ।
ਪੈਸੇ ਜੁਟਾਉਣ ਲਈ ਉਸ ਦੇ ਪਿਤਾ ਨੇ ਗੋਫੰਡਮੀ 'ਤੇ ਆਈਡਿਆ ਸ਼ੇਅਰ ਕੀਤਾ ਹੈ, ਜਿਸ ਮਗਰੋਂ ਉਸ ਨੂੰ ਹੁਣ ਤੱਕ 24,000 ਡਾਲਰ ਮਿਲ ਚੁੱਕੇ ਹਨ। ਇਹ ਪੈਸਾ ਡਿਵਾਈਸ ਦੇ ਨਿਰਮਾਣ ਨਾਲ-ਨਾਲ ਇਸ ਦਾ ਪੇਟੇਂਟ ਹਾਸਲ ਕਰਨ 'ਚ ਖਰਚ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਤੱਕ ਇਹ ਪ੍ਰੋਡਕਟ (ਉਤਪਾਦ) ਬਾਜ਼ਾਰ 'ਚ ਆ ਜਾਵੇਗਾ।