ਪਾਕਿਸਤਾਨ ’ਚ ਮਹਿੰਗਾਈ ਦੀ ‘ਦਹਿਸ਼ਤ’, ਟਮਾਟਰ 300 ਤੇ ਅਦਰਕ 500 ਰੁਪਏ ਕਿਲੋ

11/13/2019 10:49:13 AM

ਇਸਲਾਮਾਬਾਦ — ਪਾਕਿਸਤਾਨ ’ਚ ਮਹਿੰਗਾਈ ਤਾਂ ਪਹਿਲਾਂ ਹੀ ਆਪਣਾ ਰਿਕਾਰਡ ਤੋਡ਼ ਚੁੱਕੀ ਹੈÍ। ਹੁਣ ਹਾਲਤ ਇਹ ਹੋ ਗਈ ਹੈ ਕਿ ਲੋਕਾਂ ਲਈ ਰੋਜ਼ਾਨਾ ਦੀਆਂ ਜ਼ਰੂਰਤਾਂ ਦਾ ਸਾਮਾਨ ਵੀ ਕਾਫੀ ਮਹਿੰਗਾ ਹੋ ਗਿਆ ਹੈ। ਦੁੱਧ-ਦਹੀ ਜਾਂ ਮਟਨ ਆਪਣੀ ਜਗ੍ਹਾ, ਹੁਣ ਤਾਂ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਆਮ ਸਬਜ਼ੀਆਂ ਵੀ ਕਿਸੇ ਨਿਆਮਤ ਤੋਂ ਘੱਟ ਨਹੀਂ ਰਹਿ ਗਈਆਂ ਹਨ। ਹਾਲਤ ਇਹ ਹੈ ਕਿ ਜਿੱਥੇ ਗੋਭੀ 150 ਰੁਪਏ ਕਿਲੋ ਤੱਕ ਵਿਕ ਰਹੀ ਹੈ, ਉਥੇ ਹੀ ਅਦਰਕ ਦੀ ਕੀਮਤ 500 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਰੋਜ਼ਾਨਾ ਵਰਤੋਂ ਵਾਲੀਆਂ 51 ਵਸਤਾਂ ’ਚੋਂ 43 ਦੇ ਮੁੱਲ ’ਚ ਬੀਤੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਬੀਤੇ ਹਫਤੇ 289 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਹਾਲਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ’ਚ ਟਮਾਟਰ ਦਾ ਭਾਅ ਜਿੱਥੇ 300 (ਪਾਕਿਸਤਾਨੀ) ਰੁਪਏ ਪ੍ਰਤੀ ਕਿਲੋ ਤੋਂ ਮਹਿੰਗਾ ਵਿਕ ਹੀ ਰਿਹਾ ਸੀ ਤੇ ਹੁਣ ਗੋਭੀ ਤੇ ਅਦਰਕ ਦੀਆਂ ਅਾਸਮਾਨ ਚੜ੍ਹੀਆਂ ਕੀਮਤਾਂ ਨੇ ਵੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਥੇ ਹੀ ਪਿਆਜ਼ 200 ਰੁਪਏ ਕਿਲੋ ਮਿਲ ਰਿਹਾ ਹੈ, ਜਦੋਂ ਕਿ ਇਕ ਕਿਲੋ ਖੰਡ ਅਜੇ 90 ਰੁਪਏ ’ਚ ਮਿਲ ਰਹੀ ਹੈ। ਯਾਨੀ ਪਾਕਿਸਤਾਨ ’ਚ ਇਸ ਵੇਲੇ ਮਹਿੰਗਾਈ ਨੇ ਪੂਰੀ ਦਹਿਸ਼ਤ ਪਾਈ ਹੋਈ ਹੈ।

ਟਮਾਟਰ ਦੀ ਕੀਮਤ 300 ਤੋਂ ਪਾਰ

ਸਥਾਨਕ ਅਖਬਾਰ ‘ਜੰਗ’ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਇਤਿਹਾਸ ’ਚ ਪਹਿਲੀ ਵਾਰ ਇਹ ਦਿਨ ਆਇਆ ਹੈ, ਜਦੋਂ ਕਰਾਚੀ ’ਚ ਟਮਾਟਰ 300 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਟਮਾਟਰ ਦੀ ਥੋਕ ਕੀਮਤ ਹੀ 200 ਰੁਪਏ ਕਿਲੋ ਤੋਂ ਜ਼ਿਆਦਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਟਮਾਟਰ ਦੀ ਇਸ ਕੀਮਤ ਦੀ ਵਜ੍ਹਾ ਦੇਸ਼ ’ਚ ਇਸ ਦੀ ਫਸਲ ’ਚ ਕਮੀ ਅਤੇ ਗੁਆਂਢੀ ਈਰਾਨ ਤੇ ਅਫਗਾਨਿਸਤਾਨ ਤੋਂ ਘੱਟ ਆਮਦ ਹੈ।

ਫਲਾਂ ਦੀਆਂ ਕੀਮਤਾਂ ਵੀ ਅਾਸਮਾਨ ’ਤੇ

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਫਲਾਂ ਦੇ ਮੁੱਲ ’ਚ ਵੀ ਅਜਿਹੀ ਹੀ ਅੱਗ ਲੱਗੀ ਹੋਈ ਹੈ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ’ਚ ਇਸ ਵੇਲੇ ਇਕ ਕਿਲੋ ਪਪੀਤਾ 160 ਰੁਪਏ ’ਚ ਮਿਲ ਰਿਹਾ ਹੈ। ਇਕ ਦਰਜਨ ਕੇਲਿਆਂ ਲਈ 120 ਰੁਪਏ ਖਰਚ ਕਰਨੇ ਪੈ ਰਹੇ ਹਨ। ਸੇਬ, ਨਾਸ਼ਪਾਤੀ, ਅਨਾਰ ਕਿਸੇ ਵੀ ਫਲ ਦਾ ਅਜਿਹਾ ਹੀ ਹਾਲ ਹੈ। ਸਮੱਸਿਆ ਸਿਰਫ ਸ਼ਾਕਾਹਾਰ ਦੀ ਹੀ ਨਹੀਂ ਹੈ। ਮਾਸਾਹਾਰੀ ਵੀ ਮਹਿੰਗਾਈ ਤੋਂ ਇੰਨੇ ਹੀ ਝੰਬੇ ਪਏ ਹਨ। ਬੱਕਰੇ ਦਾ ਇਕ ਕਿਲੋ ਮਾਸ 900 ਰੁਪਏ ’ਚ ਮਿਲ ਰਿਹਾ ਹੈ।

ਪਾਕਿ ਮੰਤਰੀ ਦਾ ਹਾਸੋ-ਹੀਣਾ ਬਿਆਨ-ਕਰਾਚੀ ’ਚ ਤਾਂ ਟਮਾਟਰ 17 ਰੁਪਏ ਕਿਲੋ ਵਿਕ ਰਿਹੈ

ਪੂਰੇ ਦੇਸ਼ ’ਚ ਮਹਿੰਗਾਈ ਕਾਰਣ ਮਚੀ ਹਾਹਾਕਾਰ ਨੇ ਸਰਕਾਰ ਦੀ ਨੀਂਦ ਉਡਾਈ ਹੋਈ ਹੈ। ਸਥਾਨਕ ਅਖਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਹਿੰਗਾਈ ’ਤੇ ਨਜ਼ਰ ਰੱਖਣ ਲਈ ਇਕ ਵਿਸ਼ੇਸ਼ ਇਕਾਈ ਬਣਾਈ ਹੈ। ਇਮਰਾਨ ਦੇ ਆਰਥਿਕ ਮਾਮਲਿਆਂ ਦੇ ਸਲਾਹਕਾਰ ਅਬਦੁਲ ਹਫੀਜ਼ ਸ਼ੇਖ ਅਤੇ ਵਿੱਤ ਮੰਤਰੀ ਹੰਮਾਦ ਅਜ਼ਹਰ ਨੇ ਇਕ ਪ੍ਰੈੱਸ ਕਾਨਫਰੰਸ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਮਹਿੰਗਾਈ ’ਤੇ ਕਾਬੂ ਪਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਪਰ ਇਸ ਪ੍ਰੈੱਸ ਕਾਨਫਰੈਂਸ ’ਚ ਜਦੋਂ ਪੱਤਰਕਾਰਾਂ ਨੇ ਕਿਹਾ ਕਿ ਟਮਾਟਰ ਤਾਂ 300 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ ਤਾਂ ਅਬਦੁਲ ਹਫੀਜ਼ ਸ਼ੇਖ ਨੇ ਕਿਹਾ, ‘‘ਤੁਸੀਂ ਇਹ ਕੀਮਤ ਕਿੱਥੋਂ ਦੀ ਦੱਸ ਰਹੇ ਹੋ। ਕਰਾਚੀ ’ਚ ਤਾਂ ਟਮਾਟਰ 17 ਰੁਪਏ ਕਿਲੋ ਵਿਕ ਰਿਹਾ ਹੈ।’’