ਆਸਟ੍ਰੇਲੀਆ 'ਚ ਔਰਤ ਨੇ 6.3 ਕਿਲੋਗ੍ਰਾਮ ਵਜ਼ਨੀ ਬੱਚੇ ਨੂੰ ਦਿੱਤਾ ਜਨਮ

02/16/2018 1:24:40 PM

ਸਿਡਨੀ (ਬਿਊਰੋ)—  ਦੁਨੀਆ ਵਿਚ ਰੋਜ਼ਾਨਾ ਹਜ਼ਾਰਾਂ ਬੱਚੇ ਜਨਮ ਲੈਂਦੇ ਹਨ। ਇਨ੍ਹਾਂ ਵਿਚੋਂ ਕੁਝ ਬੱਚੇ ਹੀ ਵਿਲੱਖਣ ਹੁੰਦੇ ਹਨ। ਅਜਿਹਾ ਹੀ ਵਿਲੱਖਣ ਬੱਚਾ ਮੈਲਬੌਰਨ ਦੇ ਸਨਸ਼ਾਈਨ ਹਸਪਤਾਲ ਵਿਚ ਇਸ ਹਫਤੇ ਪੈਦਾ ਹੋਇਆ ਹੈ। ਮਾਓਮਾ ਆਲਾ ਨਾਂ ਦੇ ਬੱਚੇ ਦਾ ਵਜ਼ਨ 6.3 ਕਿਲੋਗ੍ਰਾਮ ਦਰਜ ਕੀਤਾ ਗਿਆ ਹੈ। ਡਾਕਟਰਾਂ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵਜ਼ਨੀ ਬੱਚਾ ਹੈ। ਖੁਸ਼ਕਿਸਮਤੀ ਨਾਲ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ। 


ਬੱਚੇ ਦੀ ਮਾਂ ਤੇਊ ਆਲਾ ਅਜਿਹੇ ਵਜ਼ਨੀ ਬੱਚੇ ਨੂੰ ਜਨਮ ਦੇ ਕੇ ਬਹੁਤ ਖੁਸ਼ ਹੈ। ਤੇਊ ਮੁਤਾਬਕ,''ਮੈਂ ਖੁਸ਼ੀ ਨਾਲ ਰੋ ਰਹੀ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ।'' ਆਮਤੌਰ 'ਤੇ ਨਵਜੰਮੇ ਬੱਚੇ ਦਾ ਵਜ਼ਨ ਔਸਤਨ 3 ਤੋਂ 3.5 ਕਿਲੋਗ੍ਰਾਮ ਹੁੰਦਾ ਹੈ ਪਰ ਇਹ ਬੱਚਾ ਦੁਗਣੇ ਵਜ਼ਨ ਨਾਲ ਪੈਦਾ ਹੋਇਆ ਹੈ।

ਤੇਊ ਮੁਤਾਬਕ ਮਾਓਮਾ ਆਪਣੇ ਪਰਿਵਾਰ ਦਾ ਚੌਥਾ ਬੱਚਾ ਹੈ ਅਤੇ ਹੁਣ ਤੱਕ ਦਾ ਸਭ ਤੋਂ ਭਾਰੀ ਬੱਚਾ ਹੈ। ਤੇਊ ਨੇ ਦੱਸਿਆ,''ਮਾਓਮਾ ਨੂੰ ਜ਼ੀਰੋ ਆਕਾਰ ਦੇ ਕੱਪੜੇ ਫਿੱਟ ਨਹੀਂ ਆਏ। ਇਸ ਲਈ ਉਸ ਨੂੰ ਤਿੰਨ ਤੋਂ ਛੇ ਮਹੀਨੇ ਦੇ ਬੱਚੇ ਵਾਲੇ ਕੱਪੜੇ ਪੁਆਏ ਗਏ ਹਨ।''