ਆਸਟ੍ਰੇਲੀਆ ''ਚ ਇਕ ਕਾਰ ਨੇ 8 ਲੋਕਾਂ ਨੂੰ ਮਾਰੀ ਟੱਕਰ, ਜਾਂਚ ਜਾਰੀ

02/16/2018 12:31:42 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਪਾਕੇਨੇਹਮ ਵਿਚ ਇਕ ਯੂ. ਟੀ. ਈ. ਕਾਰ ਨੇ ਪੈਦਲ ਜਾ ਰਹੇ 8 ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਇਨ੍ਹਾਂ ਯਾਤਰੀਆਂ ਵਿਚ 7 ਬੱਚੇ ਅਤੇ ਇਕ ਔਰਤ ਸ਼ਾਮਲ ਸੀ। ਪੈਰਾਮੈਡੀਕਲ ਅਧਿਕਾਰੀਆਂ ਨੂੰ ਤੁਰੰਤ ਇਸ ਹਾਦਸੇ ਬਾਰੇ ਸੂਚਨਾ ਦਿੱਤੀ ਗਈ। ਪੈਰਾ ਮੈਡੀਕਲ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਔਰਤ ਅਤੇ ਬੱਚਿਆਂ ਦਾ ਇਲਾਜ ਕੀਤਾ। ਪੁਲਸ ਮੁਤਾਬਕ ਯੂ. ਟੀ. ਈ. ਦਾ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ। 
ਹਾਦਸੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਕਾਰਡੀਨੀਆ ਰੋਡ ਅਤੇ ਪ੍ਰਿੰਸੈੱਸ ਹਾਈਵੇ ਦੇ ਚੌਰਾਹੇ 'ਤੇ ਬੁਲਾਇਆ ਗਿਆ ਸੀ। 30 ਸਾਲਾ ਔਰਤ ਦੀ ਛਾਤੀ, ਪਿੱਠ ਅਤੇ ਮੋਢਿਆਂ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਇਸ ਲਈ ਉਸ ਨੂੰ ਐਲਫਰੈਡ ਹਸਪਤਾਲ ਲਿਜਾਇਆ ਗਿਆ। ਇਕ ਪ੍ਰਾਇਮਰੀ ਸਕੂਲ ਦੀ ਉਮਰ ਦੀ ਲੜਕੀ ਦੇ ਪੇਟ ਅਤੇ ਪੈਰਾਂ 'ਤੇ ਸੱਟਾਂ ਲੱਗੀਆਂ ਸਨ। ਉਸ ਨੂੰ ਬੱਚਿਆਂ ਦੇ ਰੋਇਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ। 5 ਹੋਰ ਪ੍ਰਾਇਮਰੀ ਸਕੂਲੀ ਦੀ ਉਮਰ ਦੀਆਂ ਲੜਕੀਆਂ ਨੂੰ ਸੱਟਾਂ ਲੱਗੀਆਂ ਸਨ। ਉਨ੍ਹਾਂ ਵਿਚੋਂ 3 ਨੂੰ ਡਾਂਡੇਨੌਂਗ ਹਸਪਤਾਲ ਲਿਜਾਇਆ ਗਿਆ ਅਤੇ ਦੋ ਨੂੰ ਮੋਨਾਸ਼ ਮੈਡੀਕਲ ਸੈਂਟਰ ਲਿਜਾਇਆ ਗਿਆ। ਪ੍ਰਾਇਮਰੀ ਸਕੂਲ ਦੇ ਉਮਰ ਵਾਲੇ ਲੜਕੇ ਦਾ ਮੌਕੇ 'ਤੇ ਇਲਾਜ ਕੀਤਾ ਗਿਆ ਪਰ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਪੁਲਸ ਯੂ. ਟੀ. ਈ. ਦੇ ਡਰਾਈਵਰ ਦੀ ਤਲਾਸ਼ ਕਰ ਰਹੀ ਹੈ। ਇਸ ਹਾਦਸੇ ਕਾਰਨ ਵਿਕਟੋਰੀਆ ਰੋਡ 'ਤੇ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ।