ਇਮਰਾਨ ਖਾਨ ਨੇ ਪਾਕਿ ਸਰਕਾਰ ਦੀ ਤਾਲਿਬਾਨ ਨਾਲ ਤੁਲਨਾ ਕਰਨ ਵਾਲੇ ਅਧਿਕਾਰੀ ਵਿਰੁੱਧ ਦਿੱਤੇ ਜਾਂਚ ਦੇ ਹੁਕਮ

11/24/2021 5:19:24 PM

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) 'ਤੇ ‘ਇਤਰਾਜ਼ਯੋਗ ਟਿੱਪਣੀ’ ਪੋਸਟ ਕਰਨ ਲਈ ਕੈਬਨਿਟ ਡਿਵੀਜ਼ਨ ਦੇ ਸੀਨੀਅਰ ਸੰਯੁਕਤ ਸਕੱਤਰ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। 'ਡਾਨ' ਅਖ਼ਬਾਰ ਨੇ ਸੋਮਵਾਰ ਸਥਾਪਨਾ ਡਿਵੀਜ਼ਨ ਵੱਲੋਂ ਦੋਸ਼ਾਂ 'ਤੇ ਜਾਰੀ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਬੀ.ਐੱਸ.-21 ਅਧਿਕਾਰੀ ਹਮਾਦ ਸ਼ਮੀਮੀ ਨੇ ਇਕ ਸੋਸ਼ਲ ਮੀਡੀਆ ਪੇਜ਼/ਪਲੇਟਫਾਰਮ 'ਤੇ ਇਕ ਟਿੱਪਣੀ ਪੋਸਟ ਕੀਤੀ ਸੀ, ਜੋ ਸਿਵਲ ਸੇਵਕ (ਕੁਸ਼ਲਤਾ ਅਤੇ ਅਨੁਸ਼ਾਸਨ) ਨਿਯਮ, 2020 ਤਹਿਤ ਦੁਰਵਿਹਾਰ ਦੇ ਬਰਾਬਰ ਸੀ। ਸ਼ਮੀਮੀ ਨੇ ਉਰਦੂ ਵਿਚ ਆਪਣੀ ਪੋਸਟ ਵਿਚ ਲਿਖਿਆ ਸੀ, 'ਪੀ.ਟੀ.ਆਈ. ਅਤੇ ਤਾਲਿਬਾਨ ਵਿਚ ਇਕ ਸਮਾਨਤਾ ਇਹ ਹੈ ਕਿ ਦੋਵੇਂ ਹੀ ਸੱਤਾ ਸੰਭਾਲਣ ਤੋਂ ਬਾਅਦ ਇਹ ਪਤਾ ਲਗਾ ਰਹੇ ਹਨ ਕਿ ਸਰਕਾਰ ਕਿਵੇਂ ਚਲਾਈ ਜਾਏ।'

ਇਹ ਵੀ ਪੜ੍ਹੋ : ਅਮਰੀਕਾ 'ਚ ਤੇਲੰਗਾਨਾ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਪਾਕਿਸਤਾਨ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਸ਼ਮੀ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਂਚ ਦੇ ਹੁਕਮਾਂ ਵਿਚ ਕਿਹਾ ਗਿਆ ਹੈ, 'ਪ੍ਰਧਾਨ ਮੰਤਰੀ ਨੇ ਇਸਲਾਮਾਬਾਦ ਦੇ ਫੈਡਰਲ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਸ੍ਰੀ ਸਨਾਉੱਲਾ ਅੱਬਾਸੀ (ਪੀ.ਐਸ.ਡਬਲਿਊ.ਐਸ.-22) ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ।' ਜਾਂਚ ਲਈ ਕੁਝ ਸ਼ਰਤਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕਿ ਇਸ ਪ੍ਰਕਾਰ ਹਨ: ਜਾਂਚ 60 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਣੀ ਚਾਹੀਦੀ ਹੈ ਅਤੇ ਜਾਂਚ ਅਧਿਕਾਰੀ ਨੂੰ ਜਾਂਚ ਖ਼ਤਮ ਹੋਣ ਦੇ 7 ਦਿਨਾਂ ਦੇ ਅੰਦਰ-ਅੰਦਰ ਸਪੱਸ਼ਟ ਸਬੂਤਾਂ ਨਾਲ ਪ੍ਰਸ਼ਾਸਨ ਨੂੰ ਇਸ ਸਬੰਧੀ ਇਕ ਰਿਪੋਰਟ ਸੌਂਪਣੀ ਚਾਹੀਦੀ ਹੈ। ਇਕ ਪਾਕਿਸਤਾਨੀ ਅਖ਼ਬਾਰ ਦੀ ਰਿਪੋਰਟ ਅਨੁਸਾਰ, ਇਥੇ ਸਥਾਪਨਾ ਡਿਵੀਜ਼ਨ ਵੱਲੋਂ 25 ਅਗਸਤ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸਰਕਾਰ ਦੀ ਆਗਿਆ ਤੋਂ ਬਿਨਾਂ ਅਧਿਕਾਰੀਆਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਸੀ।

ਇਹ ਵੀ ਪੜ੍ਹੋ : ਚੀਨ 'ਚ ਜਨਸੰਖਿਆ ਸੰਕਟ 'ਚ ਵਾਧਾ, ਨੌਜਵਾਨਾਂ 'ਚ ਵਿਆਹ ਅਤੇ ਬੱਚੇ ਪੈਦਾ ਕਰਨ ਦੀ ਨਹੀਂ ਰਹੀ ਦਿਲਚਸਪੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

cherry

This news is Content Editor cherry