ਅਮਰੀਕਾ ਪੁੱਜੇ ਇਮਰਾਨ ਖਾਨ, ਸੋਮਵਾਰ ਨੂੰ ਕਰਨਗੇ ਟਰੰਪ ਨਾਲ ਮੁਲਾਕਾਤ

07/21/2019 9:56:42 AM

ਵਾਸ਼ਿੰਗਟਨ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੇ ਆਪਣੇ ਤਿੰਨ ਦਿਨਾਂ ਅਧਿਕਾਰਕ ਦੌਰੇ 'ਤੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਦੁਪਹਿਰ ਸਮੇਂ ਇੱਥੇ ਪੁੱਜੇ। ਖਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵ੍ਹਾਈਟ ਹਾਊਸ 'ਚ 22 ਜੁਲਾਈ ਨੂੰ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਅਮਰੀਕਾ ਉਨ੍ਹਾਂ 'ਤੇ ਪਾਕਿਸਤਾਨੀ ਧਰਤੀ 'ਤੇ ਕਿਰਿਆਸ਼ੀਲ ਅੱਤਵਾਦੀ ਸਮੂਹਾਂ ਖਿਲਾਫ ਸਥਿਰ ਕਾਰਵਾਈ ਕਰਨ ਅਤੇ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ 'ਚ ਸਹਾਇਕ ਭੂਮਿਕਾ ਨਿਭਾਉਣ ਦਾ ਦਬਾਅ ਬਣਾਵੇਗਾ। ਕ੍ਰਿਕਟਰ ਤੋਂ ਨੇਤਾ ਬਣੇ ਖਾਨ ਕਤਰ ਏਅਰਵੇਜ਼ ਦੀ ਉਡਾਣ ਰਾਹੀਂ ਇੱਥੇ ਪੁੱਜੇ ਅਤੇ ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਅਜਦ ਮਜੀਦ ਖਾਨ ਦੇ ਅਧਿਕਾਰਕ ਨਿਵਾਸ 'ਚ ਠਹਿਰੇ ਹੋਏ ਹਨ। ਹਵਾਈ ਅੱਡੇ 'ਤੇ ਉਨ੍ਹਾਂ ਦੇ ਸਵਾਗਤ ਲਈ ਉਨ੍ਹਾਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਮੌਜੂਦ ਸਨ। ਕਾਫੀ ਤਾਦਾਦ 'ਚ ਉੱਥੇ ਮੌਜੂਦ ਪਾਕਿਸਤਾਨੀ ਮੂਲ ਦੇ ਅਮਰੀਕੀਆਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੀ ਅਧਿਕਾਰਕ ਯਾਤਰਾ 'ਤੇ ਆਉਣ ਵਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਨ ਜੋ ਅਕਤੂਬਰ 2015 'ਚ ਇੱਥੇ ਆਏ ਸਨ। ਵਾਸ਼ਿੰਗਟਨ ਡੀ. ਸੀ.'ਚ ਰੁਕਣ ਦੌਰਾਨ ਖਾਨ ਟਰੰਪ ਨਾਲ ਮੁਲਾਕਾਤ ਕਰਨ ਦੇ ਇਲਾਵਾ ਕੌਮਾਂਤਰੀ ਮੁਦਰਾ ਫੰਡ ਕਾਰਜਕਾਰੀ ਮੁਖੀ ਡੇਵਿਡ ਲਿਪਟਨ ਅਤੇ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲ ਪਾਸ ਨੂੰ ਵੀ ਮਿਲਣਗੇ। ਉਹ ਕੈਪੀਟਲ 'ਵਨ ਐਰੀਨਾ' 'ਚ ਹਜ਼ਾਰਾਂ ਪਾਕਿਸਤਾਨੀ-ਅਮਰੀਕੀਆਂ ਦੀ ਸਭਾ ਨੂੰ ਐਤਵਾਰ ਨੂੰ ਸੰਬੋਧਿਤ ਕਰਨ ਵਾਲੇ ਹਨ। ਇਸ ਦੇ ਇਲਾਵਾ 23 ਜੁਲਾਈ ਨੂੰ ਉਹ ਯੂ. ਐੱਸ. ਇੰਸਟੀਚਿਊਟ ਆਫ ਪੀਸ ਦੇ ਥਿੰਕ ਟੈਂਕ ਨਾਲ ਗੱਲ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਮੰਗਲਵਾਰ ਨੂੰ ਉਨ੍ਹਾਂ ਨਾਲ ਮਿਲਣਗੇ। ਖਾਨ ਦੇ ਅਮਰੀਕੀ ਦੌਰੇ ਨੂੰ ਲੈ ਕੇ ਬਲੋਚ, ਸਿੰਧੀ ਅਤੇ ਮੋਹਾਜਿਰ ਸਮੇਤ ਪਾਕਿਸਤਾਨ ਦੇ ਕਈ ਧਾਰਮਿਕ ਘੱਟ ਗਿਣਤੀ ਭਾਈਚਾਰੇ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਹਨ।