ਮਨੁੱਖੀ ਅਧਿਕਾਰ ਕਾਰਕੁੰਨ ਗੁਲਾਲਾਈ ਨੇ ਖੋਲ੍ਹੀ ਇਮਰਾਨ ਦੀ ਪੋਲ

09/28/2019 5:55:19 PM

ਨਿਊਯਾਰਕ (ਏਜੰਸੀ)- ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 74ਵੇਂ ਸੈਸ਼ਨ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਅੰਦਾਜ਼ ਵਿਚ ਕਸ਼ਮੀਰ ਰਾਗ ਅਲਾਪਿਆ। ਘਾਟੀ ਵਿਚ ਭਾਰਤ ਵਲੋਂ ਮਨੁੱਖੀ ਅਧਿਕਾਰ ਦੀ ਉਲੰਘਣਾ ਦਾ ਮੁੱਦਾ ਚੁੱਕਦੇ ਹੋਏ ਇਮਰਾਨ ਨੇ ਪਾਕਿਸਤਾਨ ਨੂੰ ਪੀੜਤ ਦੱਸਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਇਮਰਾਨ ਖਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਪਾਕਿਸਤਾਨੀ ਨਾਗਰਿਕਾਂ ਨੇ ਵੀ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ।

ਦੇਸ਼ਧਰੋਹ ਦੇ ਦੋਸ਼ ਵਿਚ ਦੇਸ਼ ਤੋਂ ਭੱਜਣ ਨੂੰ ਮਜਬੂਰ ਹੋਣ ਵਾਲੀ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁੰਨ ਗੁਲਾਲਾਈ ਇਸਮਾਈਲ ਨੇ ਇਮਰਾਨ ਖਾਨ ਦੇ ਦਾਅਵਿਆਂ ਦੀ ਪੋਲ ਖੋਲ੍ਹੀ ਅਤੇ ਮਨੁੱਖੀ ਅਧਿਕਾਰ ਦੇ ਮੁੱਦੇ 'ਤੇ ਪਾਕਿ ਨੂੰ ਜੰਮ ਕੇ ਲਤਾੜਿਆ। ਖੈਬਰ ਪਖਤੂਨਖਵਾ ਸੂਬੇ ਤੋਂ ਸਬੰਧ ਰੱਖਣ ਵਾਲੀ ਗੁਲਾਲਾਈ ਇਸਮਾਈਲ ਨੇ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦ ਨੂੰ ਮਿਟਾਉਣ ਦੇ ਨਾਂ 'ਤੇ ਨਿਰਦੋਸ਼ ਪਸ਼ਤੂਨਾਂ ਨੂੰ ਮਾਰ ਦਿੱਤਾ।

ਹਜ਼ਾਰਾਂ ਲੋਕ ਅੱਜ ਵੀ ਪਾਕਿਸਤਾਨੀ ਫੌਜ ਦੇ ਗੁਪਤ ਟਿਕਾਣਿਆਂ ਅਤੇ ਤਸੀਹਿਆਂ ਵਿਚ ਬੰਦ ਹਨ। ਉਨ੍ਹਾਂ ਨੇ ਪਾਕਿਸਤਾਨ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਗੁਲਾਲਾਈ ਇਸਮਾਈਲ ਨੇ ਕਿਹਾ ਕਿ ਪਾਕਿਸਤਾਨ ਨੇ ਉਨ੍ਹਾਂ ਦੀ ਆਵਾਜ਼ ਦੱਬਣ ਅਤੇ ਉਨ੍ਹਾਂ ਨੂੰ ਸੱਟ ਪਹੁੰਚਾਉਣ ਲਈ ਆਪਣੀ ਸਾਰੀ ਮਸ਼ੀਨਰੀ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰੀ ਮਾਂ ਖਿਲਾਫ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਸਬੰਧੀ ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਦਾ ਕਸੂਰ ਬੱਸ ਇੰਨਾ ਹੈ ਕਿ ਉਹ ਮੇਰੀ ਮਾਂ ਹੈ।

ਮਨੁੱਖੀ ਅਧਿਕਾਰ ਕਾਰਕੁੰਨ ਗੁਲਾਲਾਈ ਇਸਮਾਈਲ ਨੇ ਕਿਹਾ ਕਿ ਸਾਡੀ ਮੰਗ ਬੱਸ ਇੰਨੀ ਹੈ ਕਿ ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਰੋਕ ਲੱਗੇ ਅਤੇ ਅਜਿਹੇ ਲੋਕਾਂ ਨੂੰ ਰਿਹਾਅ ਕੀਤਾ ਜਾਵੇ ਜਿਨ੍ਹਾਂ ਨੂੰ ਤਸੀਹੇ ਦੇਣ ਲਈ ਕੈਦ ਰੱਖਿਆ ਗਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਖੈਬਰ ਪਖਤੂਨਖਵਾ ਸੂਬੇ ਵਿਚ ਭਿਆਨਕ ਤਾਨਾਸ਼ਾਹੀ ਹੈ।

Sunny Mehra

This news is Content Editor Sunny Mehra