IMF ਮੁਖੀ ਦੀ ਚਿਤਾਵਨੀ, ਕਰਜ਼ ਦੇ ਬਹਾਨੇ ਏਸ਼ੀਆਈ ਦੇਸ਼ਾਂ ਨੂੰ ਦਬਾ ਰਿਹਾ ਚੀਨ

04/13/2018 9:44:14 AM

ਬੀਜਿੰਗ (ਬਿਊਰੋ)— ਅੰਤਰ ਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਪ੍ਰਮੁੱਖ ਕ੍ਰਿਸਟੀਨਾ ਲੇਗਾਰਡ ਨੇ ਚੀਨ ਦੇ ਮੰਚ ਤੋਂ ਹੀ ਚੀਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਆਪਣੇ ਅਭਿਲਾਸ਼ੀ ਗਲੋਬਲ ਵਪਾਰ ਬੁਨਿਆਦੀ ਢਾਂਚਾ ਪ੍ਰੋਜੈਕਟ ਦੇ ਮਾਧਿਅਮ ਨਾਲ ਦੂਜੇ ਦੇਸ਼ਾਂ 'ਤੇ ਕਰਜ਼ ਦਾ ਬੋਝ ਪਾ ਰਿਹਾ ਹੈ। ਇਹ ਉਨ੍ਹਾਂ ਦੇਸ਼ਾਂ ਲਈ ਮੁਸੀਬਤ ਪੈਦਾ ਕਰ ਦੇਵੇਗਾ। ਲੇਗਾਰਡ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਭਿਲਾਸ਼ੀ 'ਬੈਲਟ ਐਂਡ ਰੋਡ ਪਹਿਲ' 'ਤੇ ਬੀਜਿੰਗ ਵਿਚ ਆਯੋਜਿਤ ਬੈਲਟ ਅਤੇ ਰੋਡ ਸੰਮੇਲਨ ਨੂੰ ਸੰਬੋਧਿਤ ਕਰ ਰਹੀ ਸੀ। ਇਕ ਖਰਬ ਡਾਲਰ ਦੇ ਇਸ ਪ੍ਰੋਜੈਕਟ ਵਿਚ ਏਸ਼ੀਆ ਤੋਂ ਲੈ ਕੇ ਅਫਰੀਕਾ ਅਤੇ ਯੂਰਪ ਤੱਕ ਦੇ ਕਈ ਦੇਸ਼ਾਂ ਵਿਚ ਰੇਲ ਅਤੇ ਨਿਰਮਾਣ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚੋਂ ਕਈ ਪ੍ਰੋਜੈਕਟ ਚੀਨ ਦੀਆਂ ਸਰਕਾਰੀ ਕੰਪਨੀਆਂ ਬਣਾ ਰਹੀਆਂ ਹਨ ਅਤੇ ਉਨ੍ਹਾਂ ਲਈ ਵੀ ਕਰਜ਼ ਚੀਨ ਹੀ ਦੇ ਰਿਹਾ ਹੈ। ਇਸ ਕਾਰਨ ਉਹ ਦੇਸ਼ ਚੀਨ ਦੇ ਅਰਬਾਂ ਡਾਲਰਾਂ ਦੇ ਕਰਜ਼ ਵਿਚ ਡੁੱਬਦੇ ਜਾ ਰਹੇ ਹਨ। 
ਚੀਨੀ ਅਤੇ ਵਿਦੇਸ਼ੀ ਅਧਿਕਾਰੀਆਂ ਨਾਲ ਭਰੇ ਆਯੋਜਨ ਵਿਚ ਲੇਗਾਰਡ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਦੂਜੇ ਦੇਸ਼ਾਂ 'ਤੇ ਅਸਧਾਰਨ ਰੂਪ ਨਾਲ ਕਰਜ਼ ਵੱਧ ਜਾਵੇਗਾ। ਇਸ ਕਾਰਨ ਹੋਰ ਇਕਾਈਆਂ 'ਤੇ ਖਰਚ ਕਰਨ ਦੀ ਉਨ੍ਹਾਂ ਦੀ ਸਮਰੱਥਾ ਸੀਮਤ ਹੋ ਜਾਵੇਗੀ ਅਤੇ ਭੁਗਤਾਨ ਕਰਨ ਵਿਚ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਦੇਸ਼ਾਂ ਦੀ ਆਮ ਜਨਤਾ ਪਹਿਲਾਂ ਹੀ ਭਾਰੀ ਕਰਜ਼ ਹੇਠ ਦੱਬੀ ਹੋਈ ਹੈ, ਉੱਥੇ ਕਿਸੇ ਪ੍ਰੋਜੈਕਟ ਵਿਚ ਪੈਸੇ ਲਗਾਉਣ ਦੀਆਂ ਸ਼ਰਤਾਂ ਦਾ ਸਾਵਧਾਨੀ ਨਲ ਪ੍ਰਬੰਧਨ ਕਰਨਾ ਜ਼ਰੂਰੀ ਹੈ।