ਪਾਕਿ ''ਚ ਦੂਜੇ ਨਿਕਾਹ ਲਈ ਵਿਚੋਲਗੀ ਕੌਂਸਲ ਤੋਂ ਇਜਾਜ਼ਤ ਲੈਣਾ ਲਾਜ਼ਮੀ

06/25/2019 8:08:47 AM

ਇਸਲਾਮਾਬਾਦ, (ਭਾਸ਼ਾ)– ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਵਿਵਸਥਾ ਦਿੱਤੀ ਕਿ ਮੁਸਲਿਮ ਮਰਦਾਂ ਨੂੰ ਦੂਜਾ ਨਿਕਾਹ ਕਰਾਉਣ ਲਈ ਵਿਚੋਲਗੀ ਕੌਂਸਲ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ। ਭਾਵੇਂ ਪਹਿਲੀ ਪਤਨੀ ਨੇ ਉਸ ਨੂੰ ਇਜਾਜ਼ਤ ਕਿਉਂ ਨਾ ਦਿੱਤੀ ਹੋਵੇ। ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਤਹਰ ਮਿਨਲੱਲਾਹ ਨੇ ਸੋਮਵਾਰ ਨੂੰ 12 ਪੰਨਿਆਂ ਦਾ ਹੁਕਮ ਜਾਰੀ ਕੀਤਾ, ਜਿਸ ਦੇ ਮੁਤਾਬਕ ਮਰਦ ਨੂੰ ਦੂਜਾ ਨਿਕਾਹ ਕਰਾਉਣ ਤੋਂ ਪਹਿਲਾਂ ਵਿਚੋਲਗੀ ਕੌਂਸਲ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। 

ਅਦਾਲਤ ਨੇ ਕਿਹਾ ਕਿ ਕੋਈ ਵਿਅਕਤੀ ਆਪਣੀ ਪਹਿਲੀ ਪਤਨੀ ਦੇ ਹੁੰਦੇ ਹੋਏ ਦੂਸਰਾ ਨਿਕਾਹ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਕਾਨੂੰਨੀ ਪ੍ਰਕਿਰਿਆ ਅਤੇ ਹੋਰ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ ਨਹੀਂ ਤਾਂ ਉਸ ਨੂੰ ਜੇਲ ਜਾਣਾ ਪਵੇਗਾ ਜਾਂ ਜੁਰਮਾਨਾ ਭਰਨਾ ਪਵੇਗਾ ਜਾਂ ਦੋਵੇਂ ਚੀਜ਼ਾਂ ਭੁਗਤਣੀਆਂ ਪੈਣਗੀਆਂ। ਮੁਸਲਿਮ ਪਰਿਵਾਰ ਕਾਨੂੰਨ ਆਰਡੀਨੈਂਸ 1961 ਦੇ ਤਹਿਤ ਪਹਿਲੀ ਪਤਨੀ ਦੇ ਹੁੰਦਿਆਂ ਕੋਈ ਵੀ ਵਿਅਕਤੀ ਵਿਚੋਲਗੀ ਕੌਂਸਲ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਦੂਸਰਾ ਨਿਕਾਹ ਨਹੀਂ ਕਰ ਸਕਦਾ ਹੈ।