ਬਾਰਸੀਲੋਨਾ ਹਮਲਾ: ਪੁਲਸ ਦੀ ਜਵਾਬੀ ਕਾਰਵਾਈ ਵਿਚ ਮੁੱਖ ਸ਼ੱਕੀ ਮੂਸਾ ਊਕਬੀਰ ਢੇਰ

08/19/2017 10:35:44 AM

ਬਾਰਸੀਲੋਨਾ— ਬਾਰਸੀਲੋਨਾ ਵਿਚ ਵੀਰਵਾਰ ਨੂੰ ਵੈਨ ਨਾਲ ਕੀਤੇ ਹਮਲੇ ਦੇ ਮੁੱਖ ਸ਼ੱਕੀ ਮੂਸਾ ਊਕਬੀਰ ਦੀ ਪਹਿਚਾਣ ਉਨ੍ਹਾਂ ਪੰਜ ਸ਼ੱਕੀਆਂ ਵਿਚ ਕੀਤੀ ਜਾ ਰਹੀ ਹੈ, ਜੋ ਕੈਮਬ੍ਰਿਲਸ ਵਿਚ ਪੁਲਸ ਕਾਰਵਾਈ ਦੌਰਾਨ ਮਾਰੇ ਗਏ ਹਨ। ਪੁਲਸ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਮੂਸਾ ਅਤੇ ਹੋਰ ਤਿੰਨ ਸ਼ੱਕੀ ਲੋਕਾਂ ਦੀ ਤਲਾਸ਼ ਜਾਰੀ ਹੈ।
ਵੱਡੇ ਹਮਲੇ ਦੀ ਤਿਆਰੀ ਵਿਚ ਸਨ ਸ਼ੱਕੀ ਹਮਲਾਵਰ
ਬਾਰਸੀਲੋਨਾ ਵਿਚ ਵੀਰਵਾਰ ਨੂੰ ਜਿਸ ਵੈਨ ਨਾਲ ਹਮਲਾ ਕੀਤਾ ਗਿਆ, ਮੰਨਿਆ ਜਾ ਰਿਹਾ ਹੈ ਉਸ ਨੂੰ ਮੂਸਾ ਊਕਬੀਰ ਹੀ ਚਲਾ ਰਿਹਾ ਸੀ। ਪੁਲਸ ਦਾ ਇਹ ਵੀ ਕਹਿਣਾ ਹੈ ਕਿ ਸ਼ੱਕੀ ਹਮਲਾਵਰ ਕਿਸੇ ਵੱਡੇ ਹਮਲੇ ਦੀ ਤਿਆਰੀ ਵਿਚ ਸਨ ਪਰ ਇਸ ਲਈ ਜ਼ਰੂਰੀ ਚੀਜ਼ਾਂ ਨਾ ਹੋਣ ਕਾਰਨ ਉਨ੍ਹਾਂ ਨੇ ਵੈਨ ਨਾਲ ਹਮਲਾ ਕਰਨ ਦਾ ਆਸਾਨ ਤਰੀਕਾ ਚੁਣਿਆ।
ਮੋਰੱਕੋ ਮੂਲ ਦੇ ਸਨ ਸ਼ੱਕੀ
ਮੂਸਾ ਊਕਬੀਰ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ, ਜੋ ਕੈਟਲਨ ਦੇ ਸ਼ਹਿਰ ਗਿਰੋਨਾ ਦੇ ਰਹਿਣ ਵਾਲਾ ਸੀ। ਉਸ ਦੇ ਬਾਕੀ ਸਾਥੀ ਵੀ ਮੋਰੱਕੋ ਮੂਲ ਦੇ ਸਨ। ਪੁਲਸ ਮੁਤਾਬਕ ਮੂਸਾ ਨੇ ਆਪਣੇ ਭਰਾ ਦੇ ਕਾਗਜਾਤ ਦਿਖਾ ਕੇ ਹਮਲੇ ਲਈ ਵੈਨ ਕਿਰਾਏ 'ਤੇ ਲਈ ਸੀ। 
ਹਮਲਾ ਕਰਨ ਦੌਰਾਨ ਹਮਲਾਵਰਾਂ ਦੀ ਗੱਡੀ ਪਲਟ ਗਈ ਅਤੇ ਉਨ੍ਹਾਂ ਨੇ ਬਾਹਰ ਨਿਕਲ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੂਸਾ ਸਪੇਨ ਪੁਲਸ ਦੀ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ।
ਪੁਲਸ ਨੇ ਦੱਸਿਆ ਕਿ 18 ਸਾਲ ਦੇ ਸੈਦ ਆਲਾ ਅਤੇ 24 ਸਾਲ ਦੇ ਮੁਹੰਮਦ ਹਾਈਕੈਮੀ ਦੀ ਵੀ ਪੁਲਸ ਕਾਰਵਾਈ ਵਿਚ ਮੌਤ ਹੋ ਗਈ ਹੈ। ਚੌਥਾ ਸ਼ੱਕੀ ਯੂਨੁਸ ਅਬਦੁਯਾਕੁਬ ਹੈ, ਜਿਸ ਦੀ ਤਲਾਸ਼ ਹਾਲੇ ਜਾਰੀ ਹੈ।